ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਮਾਨਸਾ ਨੇੜਲੇ ਪਿੰਡ ਮੌਜੋ ਦੇ ਕਿਸਾਨ ਦੀ ਜ਼ਮੀਨ ਦੀ ਮਿਣਤੀ ਦੀ ਨਿਸ਼ਾਨਦੇਹੀ ਲੈਣ ਲਈ ਇੱਥੇ ਐੱਸ ਡੀ ਐੱਮ ਦਫ਼ਤਰ ਦਾ ਘਿਰਾਓ ਕੀਤਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕਈ ਵਾਰ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ, ਪਰ ਸਿਵਾਏ ਭਰੋਸੇ ਦੇ ਕੁੱਝ ਵੀ ਪੱਲੇ ਨਹੀਂ ਪਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਭੀਖੀ ਵਿੱਚ ਧਰਨਾ ਦੇਣ ’ਤੇ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਨਸਾ-ਪਟਿਆਲਾ ਮੁੱਖ ਮਾਰਗ ’ਤੇ ਜਾਮ ਲਾਇਆ ਸੀ। ਇਸ ਦੌਰਾਨ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਸੀ ਕਿ ਨਿਸ਼ਾਨਦੇਹੀ ਦੀ ਨਕਲ ਦੋ ਦਿਨਾਂ ਵਿੱਚ ਕਿਸਾਨ ਨੂੰ ਮੁਹੱਈਆ ਕਰਵਾਈ ਜਾਵੇਗੀ ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਹੋਇਆ। ਜਦੋਂ ਕਿਸੇ ਨੇ ਗੱਲ ਨਾ ਸੁਣੀ ਤਾਂ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ। ਪੁਲੀਸ ਨੇ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਪਰ ਕਿਸਾਨਾਂ ਨੇ ਨਾਕੇ ਤੋੜ ਕੇ ਡੀ ਸੀ ਦਫ਼ਤਰ ਦੇ ਦੋਵੇਂ ਗੇਟ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਵਾ ਕੇ ਛੇਤੀ ਤੋਂ ਛੇਤੀ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਜਥੇਬੰਦੀ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਪੀੜਤ ਕਿਸਾਨ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਐੱਸ ਡੀ ਐੱਮ ਦਫ਼ਤਰ ਅੱਗੇ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਭਲਕੇ 7 ਜੁਲਾਈ ਵੱਡੇ ਇਕੱਠ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਰਾਜ ਸਿੰਘ ਅਕਲੀਆ, ਜਗਜੀਤ ਸਿੰਘ, ਰਾਜਪਾਲ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਸਿੰਦਰਪਾਲ ਕੌਰ, ਗੁਰਮੀਤ ਕੌਰ, ਮਨਜੀਤ ਸਿੰਘ ਉਲਕ ਨੇ ਸੰਬੋਧਨ ਕੀਤਾ।
