ਪੱਤਰ ਪ੍ਰੇਰਕ
ਜੈਤੋ, 6 ਅਕਤੂਬਰ
ਕੌਮੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਅੱਜ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਦੀ ਸਥਾਨਕ ਰਿਹਾਇਸ਼ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਖੇਤਾਂ ’ਚ ਲੱਗੀਆਂ ਮੋਟਰਾਂ, ਟਰਾਂਸਫਾਰਮ ਅਤੇ ਤਾਰਾਂ ਦੀ ਚੋਰੀ ਹੁਣ ਦਿਨ-ਦਿਹਾੜੇ ਹੋਣ ਲੱਗ ਪਈ ਹੈ ਤੇ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਵਿਧਾਇਕ ਪੁਲੀਸ ਨੂੰ ਇਲਾਕੇ ਵਿੱਚ ਗਸ਼ਤ ਵਧਾਉਣ ਦਾ ਹੁਕਮ ਦੇਣ।
ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਮੀਤ ਸਿੰਘ ਕਿਲ੍ਹਾ ਨੌਂ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਨੱਥਲ ਵਾਲਾ, ਖ਼ਜ਼ਾਨਚੀ ਜਸਕਰਨ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਸਪਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਹੀ ਅਣਗਿਣਤ ਮੁਸ਼ਕਿਲਾਂ ਨਾਲ ਜੂਝਦਿਆਂ ਆਰਥਿਕ ਮੰਦਹਾਲੀ ਹੰਢਾ ਰਹੇ ਕਿਸਾਨ ਹੁਣ ਚੋਰਾਂ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਉਹ ਪ੍ਰਸ਼ਾਸਨ ਦੇ ਧਿਆਨ ’ਚ ਵੀ ਲਿਆ ਚੁੱਕੇ ਹਨ ਪਰ ਇਹ ਘਟਨਾਵਾ ਰੁਕਣ ਦੀ ਥਾਂ ਹੋਰ ਵਧ ਗਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਨਾ ਪਈ ਤਾਂ ਕਿਸਾਨ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
ਸੂਤਰਾਂ ਅਨੁਸਾਰ ਵਿਧਾਇਕ ਅਮੋਲਕ ਸਿੰਘ ਸ਼ਹਿਰ ਤੋਂ ਬਾਹਰ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਲਛਮਣ ਸਿੰਘ ਭਗਤੂਆਣਾ ਅਤੇ ਟਰੱਕ ਅਪ੍ਰੇਟਰ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਤ ਸਿੰਘ ਮਲਹੋਤਰਾ ਨੇ ਵਿਖਾਵਾਕਾਰੀਆਂ ਦੇ ਵਫ਼ਦ ਨਾਲ ਗੱਲਬਾਤ ਕੀਤੀ।
ਇਸ ਮੌਕੇ ਐਸਐਚਓ ਜੈਤੋ ਮਨੋਜ ਕੁਮਾਰ ਸ਼ਰਮਾ ਵੀ ਮੌਜੂਦ ਸਨ। ਆਗੂਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮਾਮਲਾ ਵਿਧਾਇਕ ਦੇ ਧਿਆਨ ਵਿੱਚ ਲਿਆ ਕੇ ਇਸ ਨੂੰ ਛੇਤੀ ਹੱਲ ਕਰਵਾਉਣਗੇ। ਕਿਸਾਨਾਂ ਦਾ ਧਰਨਾ ਕਰੀਬ ਢਾਈ ਘੰਟੇ ਤਕ ਜਾਰੀ ਰਿਹਾ, ਜਿਸ ਕਾਰਨ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।