ਪਿੰਡ ਹਰਦਾਸਪੁਰਾ ਦੇ ਦੋ ਨੌਜਵਾਨਾਂ ਨੂੰ ਇੰਗਲੈਂਡ ਭੇਜਣ ਦੇ ਨਾਂ ’ਤੇ ਟਰੈਵਲ ਏਜੰਟ ਵੱਲੋਂ ਕਥਿਤ ਸੱਤ ਲੱਖ ਰੁਪਏ ਲੈਣ ਅਤੇ ਤੈਅ ਸਮੇਂ ਅੰਦਰ ਵਿਦੇਸ਼ ਨਾ ਭੇਜਣ ਦੇ ਮਾਮਲੇ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ (ਧਨੇਰ) ਵੱਲੋਂ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਥਾਣਾ ਮਹਿਲ ਕਲਾਂ ਅੱਗੇ ਧਰਨਾ ਦਿੱਤਾ ਗਿਆ। ਜਥੇਬੰਦੀ ਵੱਲੋਂ ਕਾਨੂੰਨੀ ਕਾਰਵਾਈ ਤੇ ਪੀੜਤ ਨੌਜਵਾਨਾਂ ਦੀ ਰਹਿੰਦੀ ਰਕਮ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ ਮੂੰਮ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਦੱਸਿਆ ਕਿ ਹਰਦਾਸਪੁਰਾ ਦੇ ਨੌਜਵਾਨ ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਦੋ ਮਹੀਨਿਆਂ ਵਿੱਚ ਇੰਗਲੈਂਡ ਭੇਜਣ ਸਬੰਧੀ ਟਰੈਵਲ ਏਜੰਟ ਨਾਲ ਗੱਲਬਾਤ ਹੋਈ ਸੀ; ਲਗਪਗ ਸੱਤ ਲੱਖ ਰੁਪਏ ਦਿੱਤੇ ਗਏ। ਕਿਸਾਨ ਆਗੂਆਂ ਮੁਤਾਬਕ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਦੋਵੇਂ ਇੰਗਲੈਂਡ ਨਹੀਂ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੱਛੋਂ ਰਕਮ ਵਾਪਸੀ ਦੀ ਹੋਈ ਭਾਈਚਾਰਕ ਗੱਲਬਾਤ ਤੋਂ ਬਾਅਦ ਦੋ ਲੱਖ 2 ਹਜ਼ਾਰ ਰੁਪਏ ਵਾਪਸ ਕੀਤੇ ਗਏ, ਜਦਕਿ ਚਾਰ ਲੱਖ 98 ਹਜ਼ਾਰ ਰੁਪਏ ਬਾਕੀ ਰਹਿ ਗਏ। ਇਸ ਮਾਮਲੇ ਨੂੰ ਲੈ ਕੇ ਜਥੇਬੰਦੀ ਵੱਲੋਂ ਪ੍ਰਦਰਸ਼ਨ ਕਰ ਕੇ ਪੁਲੀਸ ਪ੍ਰਸ਼ਾਸਨ ਕੋਲੋਂ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ।
ਮਾਮਲੇ ਸਬੰਧੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਮਹਿਲ ਕਲਾਂ ਵਿੱਚ ਕੇਸ ਦਰਜ ਹੈ। ਥਾਣਾ ਮੁਖੀ ਨੇ ਦੱਸਿਆ ਮੁਲਜ਼ਮ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਅਦਾਲਤ ਵੱਲੋਂ 18 ਅਗਸਤ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਦਾਲਤੀ ਹੁਕਮਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਵਿੱਚ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਜਾਂਚ ਨਿਰਪੱਖ ਢੰਗ ਨਾਲ ਜਾਰੀ ਹੈ। ਇਸ ਮੌਕੇ ਜੱਗਾ ਸਿੰਘ ਮਹਿਲ ਕਲਾਂ, ਗੋਰਾ ਸਿੰਘ ਰਾਏਸਰ, ਦਲਵੀਰ ਸਿੰਘ ਸਹੋਰ, ਗੋਪਾਲ ਕ੍ਰਿਸ਼ਨ ਹਮੀਦੀ ਅਤੇ ਸੱਤਪਾਲ ਸਿੰਘ ਸੋਹੀ ਸਮੇਤ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
ਟਰੈਵਲ ਏਜੰਟ ਨੇ ਧੋਖਾਧੜੀ ਦੇ ਦੋਸ਼ ਨਕਾਰੇ
ਟਰੈਵਲ ਏਜੰਟ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਵੱਲੋਂ ਲਗਪਗ ਦੋ ਲੱਖ ਰੁਪਏ ਖਾਤੇ ਰਾਹੀਂ ਅਤੇ ਪੰਜ ਲੱਖ ਰੁਪਏ ਬਰਨਾਲਾ ਦੇ ਇੱਕ ਨਿੱਜੀ ਢਾਬੇ ’ਤੇ ਪਰਿਵਾਰ ਨੂੰ ਦਿੱਤੇ ਗਏ ਸਨ। ਉਸ ਨੇ ਮੋੜਵਾਂ ਦੋਸ਼ ਲਾਇਆ ਕਿ ਉਕਤ ਪਰਿਵਾਰ ਵੱਲੋਂ ਜਾਣ-ਬੁੱਝ ਕੇ ਉਸ ਖ਼ਿਲਾਫ਼ ਝੂਠੀਆਂ ਦਰਖ਼ਾਸਤਾਂ ਦਿੱਤੀਆਂ ਜਾ ਰਹੀਆਂ ਹਨ। ਬਲਕਿ ਅਦਾਲਤ ਵੱਲੋਂ ਉਸ ਨੂੰ ਜ਼ਮਾਨਤ ਮਿਲੀ ਹੋਈ ਹੈ।

