Farmers Protest: ਹਿਸਾਰ ਘੱਗਰ ਡਰੇਨਜ਼ ਮੁੱਦੇ ਸਬੰਧੀ ਕਿਸਾਨ ਮਹਾਪੰਚਾਇਤ
25 ਨੂੰ ਸਿੰਜਾਈ ਮੰਤਰੀ ਦੇ ਦਫ਼ਤਰ ਨੂੰ ਘੇਰਨ ਦੀ ਚਿਤਾਵਨੀ
ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਹਿਸਾਰ ਘੱਗਰ ਡਰੇਨਜ਼ ਮੁੱਦੇ ਨੂੰ ਲੈ ਕੇ ਮਹਾਪੰਚਾਇਤ ਨਾਥੂਸਰੀ ਚੌਪਟਾ ਵਿੱਚ ਹੋਈ। ਪੰਚਾਇਤ ’ਚ 25 ਜੂਨ ਨੂੰ ਸਿੰਜਾਈ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਪੰਚਾਇਤ ਦੀ ਪ੍ਰਧਾਨਗੀ ਕਿਸਾਨ ਆਗੂ ਸੁਰਜੀਤ ਅਤੇ ਗੋਕੁਲ ਬੇਨੀਵਾਲ ਨੇ ਸਾਂਝੇ ਤੌਰ ’ਤੇ ਕੀਤੀ। ਮੰਗੇਰਾਮ ਕਾਸਾਨੀਅਨ ਅਤੇ ਹਮਜਿੰਦਰ ਨੇ ਸਾਂਝੇ ਤੌਰ ’ਤੇ ਸਟੇਜ ਦਾ ਸੰਚਾਲਨ ਕੀਤਾ। 45 ਪਿੰਡਾਂ ਦੇ ਕਿਸਾਨ ਇਸ ਪੰਚਾਇਤ ਵਿੱਚ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਪਿਛਲੇ ਸਾਲ ਬਰਸਾਤ ਦੌਰਾਨ ਘੱਗਰ ਵਿੱਚ ਪਾਣੀ ਆਉਣ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ। ਸਰਕਾਰ ਤੇ ਪ੍ਰਸ਼ਾਸਨ ਨੇ ਹਾਲੇ ਤੱਕ ਨਾ ਤਾਂ ਡਰੇਨਾਂ ਦੀ ਸਫਾਈ ਕੀਤੀ ਹੈ ਤੇ ਨਾ ਹੀ ਬੰਨ੍ਹ ਨੂੰ ਮਜ਼ਬੂਤ ਕੀਤੇ ਗਏ ਹਨ। ਓਟੂ ਹੈੱਡ ਨੇੜੇ ਡਰੇਨ ’ਤੇ ਗੇਟ ਲਗਾਉਣ, ਘੱਗਰ ਵਿੱਚ ਪਾਣੀ ਚੁੱਕਣ ਲਈ ਉੱਚ ਸਮਰੱਥਾ ਵਾਲੇ ਪੰਪ ਸੈੱਟ ਲਗਾਉਣ ਅਤੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਅਸਥਾਈ ਪੰਪ ਸੈੱਟ ਲਗਾਉਣ ਦੀ ਮੰਗ ਕੀਤੀ ਗਈ। ਪੰਚਾਇਤ ਵਿੱਚ ਮੰਗ ਪੱਤਰ ਪ੍ਰਾਪਤ ਕਰਨ ਪਹੁੰਚੇ ਕਾਰਜਕਾਰੀ ਇੰਜਨੀਅਰ ਸੰਦੀਪ ਸ਼ਰਮਾ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ 25 ਜੂਨ ਨੂੰ ਸਿੰਜਾਈ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।

