ਜਬਰੀ ਫ਼ੀਸਾਂ ਵਸੂਲਣ ’ਤੇ ਕਿਸਾਨਾਂ ਵੱਲੋਂ ਸਕੂਲ ਅੱਗੇ ਧਰਨਾ

ਜਬਰੀ ਫ਼ੀਸਾਂ ਵਸੂਲਣ ’ਤੇ ਕਿਸਾਨਾਂ ਵੱਲੋਂ ਸਕੂਲ ਅੱਗੇ ਧਰਨਾ

ਸਕੂਲ ਦੇ ਮੁੱਖ ਗੇਟ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਗੋਰਾ ਸਿੰਘ ਭੈਣੀਬਾਘਾ।

ਜੋਗਿੰਦਰ ਸਿੰਘ ਮਾਨ
ਮਾਨਸਾ 21 ਸਤੰਬਰ

ਇੱਕ ਪ੍ਰਾਈਵੇਟ ਸਕੂਲ ਵੱਲੋਂ ਬੱਚਿਆਂ ਤੋਂ ਫ਼ੀਸਾਂ ਲੈਣ ਦੇ ਵਿਰੋਧ ਵਜੋਂ ਪੰਜਾਬ ਕਿਸਾਨ ਯੂਨੀਅਨ ਨੇ ਪ੍ਰਾਈਵੇਟ ਸਕੂਲ ਦੇ ਗੇਟ ਅੱਗੇ ਧਰਨਾ ਲਾਇਆ। ਧਰਨਾਕਾਰੀਆਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਤੋਂ ਜਬਰੀ ਫ਼ੀਸਾਂ ਵਸੂਲਣ ਦਾ ਸਿਲਸਿਲਾ ਅਜੇ ਤਕ ਬੰਦ ਨਹੀਂ ਹੋ ਰਿਹਾ, ਹਾਲਾਂਕਿ ਪੰਜਾਬ ਸਰਕਾਰ ਇਸ ਬਾਰੇ ਵਾਰ-ਵਾਰ ਦਾਅਵੇ ਕਰ ਰਹੀ ਹੈ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਇੱਥੇ ਸਿਰਸਾ ਰੋਡ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਫੀਸਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਕਿ ਜੇ ਫ਼ੀਸਾਂ ਨਾ ਭਰੀਆਂ ਤਾਂ ਬੱਚਿਆਂ ਦੇ ਨਾਮ ਕੱਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਵਿਚ ਇਸ ਸਕੂਲ ਦੇ ਗੇਟ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।

ਇਸੇ ਦੌਰਾਨ ਕਿਸਾਨ ਜਥੇਬੰਦੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਰੋਸ ਅੱਗੇ ਝੁਕਦਿਆਂ ਸਕੂਲ ਮੈਨੇਜਮੈਂਟ ਨੇ ਬੱਚਿਆਂ ਤੋਂ ਫ਼ੀਸਾਂ ਦੀ ਵਸੂਲੀ ਨਾ ਕਰਨ ਅਤੇ ਨਾਮ ਕੱਟੇ ਬੱਚਿਆਂ ਦਾ ਮੁੜ ਦਾਖ਼ਲਾ ਕਰਨ ਦਾ ਵਾਅਦਾ ਕੀਤਾ, ਜਿਸ ’ਤੇ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਹਾਕਮ ਸਿੰਘ ਝੁਨੀਰ, ਸਾਧੂ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ ਮਾਨਸ਼ਾਹੀਆ, ਅਮੋਲਕ ਸਿੰਘ ਖੀਵਾ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All