Farmers Protest: ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਡਟੇ ਕਿਸਾਨ
ਕਿਸਾਨਾਂ ਨੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ; ਡੱਲੇਵਾਲ ਨੇ ਸਰਕਾਰਾਂ ’ਤੇ ਨਿਸ਼ਾਨਾ ਸੇਧਿਆ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਦੇ ਸੱਦੇ ’ਤੇ ਅੱਜ ਬਠਿੰਡਾ ਜ਼ਿਲ੍ਹੇ ਵਿਚਲੇ ਲਹਿਰਾ, ਜੱਸੀ ਬਾਗ ਵਾਲੀ, ਬੱਲੂਆਣਾ, ਸ਼ੇਖ਼ੂਪੁਰਾ ਤੇ ਜੀਦਾ ਟੌਲ ਪਲਾਜ਼ਿਆਂ ’ਤੇ ਧਰਨੇ ਲਾ ਕੇ ਕਰੀਬ 5 ਘੰਟਿਆਂ ਲਈ ਪਲਾਜ਼ਿਆਂ ਨੂੰ ਟੌਲ ਮੁਕਤ ਕੀਤਾ। ਧਰਨਿਆਂ ਦੀ ਅਗਵਾਈ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ, ਮੁਖਤਿਆਰ ਸਿੰਘ, ਗੁਰਮੇਲ ਸਿੰਘ ਨੇ ਕੀਤੀ। ਐੱਸ ਕੇ ਐਮ (ਗ਼ੈਰ-ਰਾਜਨੀਤਕ) ਦੇ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜੀਦਾ ਟੌਲ ਪਲਾਜ਼ੇ ਤੋਂ ਹੋਰ ਪਲਾਜ਼ਿਆਂ ’ਤੇ ਬੈਠੇ ਕਿਸਾਨਾਂ ਨੂੰ ਆਨ-ਲਾਈਨ ਸੰਬੋਧਨ ਕੀਤਾ। ਡੱਲੇਵਾਲ ਨੇ ਲੈਂਡ ਮਾਰਗੇਜ਼ ਬੈਂਕਾਂ ਵਿੱਚ ਹੋ ਰਹੀਆਂ ਕਥਿਤ ਬੇਨਿਯਮੀਆਂ ਅਤੇ ਕਿਸਾਨਾਂ ਨਾਲ ਧੋਖਾਧੜੀ ਦੇ ਮਾਮਲੇ ਉਠਾਏ। ਡੱਲੇਵਾਲ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕੀਤਾ। ਉਨ੍ਹਾਂ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਚਿੰਤਾ ਪ੍ਰਗਟਾਈ।
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਵੱਖ-ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਛੋਟੇ-ਵੱਡੇ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਨ ਦੇ ਐਲਾਨ ਤਹਿਤ ਅੱਜ ਮਾਲਵਾ ਖੇਤਰ ਵਿੱਚ ਵੱਖ-ਵੱਖ ਥਾਈਂ ਟੌਲ ਪਲਾਜ਼ਾ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਟੌਲ ਮੁਕਤ ਰੱਖਿਆ ਗਿਆ। ਮਾਨਸਾ ਜ਼ਿਲ੍ਹੇ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ ਦੀ ਅਗਵਾਈ ਹੇਠ ਬੁਢਲਾਡਾ-ਪਟਿਆਲਾ ਰੋਡ ’ਤੇ ਸਥਿਤ ਪਿੰਡ ਚੋਟੀਆਂ ਵਿੱਚ ਟੌਲ ਪਲਾਜ਼ਾ ’ਤੇ ਧਰਨਾ ਲਗਾ ਕੇ ਪਰਚੀ ਮੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ’ਤੇ ਚੱਲਦਿਆਂ ਸੂਬੇ ਦੀ ਉਪਜਾਊ ਅਤੇ ਜ਼ਰਖੇਜ਼ ਖੇਤੀਬਾੜੀ ਜ਼ਮੀਨ ਨੂੰ ਲੈਂਡ ਪੂਲਿੰਗ ਨੀਤੀ ਰਾਹੀਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਵਿੱਚੋਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਖੇਤਰ ਨੂੰ ਬਾਹਰ ਰੱਖਿਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

