farmers protest: ਕਿਸਾਨਾਂ ਨੇ ਸਰਕਾਰੀ ਅਫਸਰਾਂ ਦੇ ਦਰ ਘੇਰੇ
ਕਿਸਾਨ ਜਥੇਬੰਦੀ ਵੱਲੋਂ 12 ਨੂੰ ਚਾਰ ਮੰਤਰੀਆਂ ਦੇ ਘਰਾਂ ਵੱਲ ਕੂਚ ਕਰਨ ਦਾ ਐਲਾਨ; ਕਿਸਾਨਾਂ ਦੇ ਪੱਕੇ ਮੋਰਚੇ ਜਾਰੀ; ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 30 ਅਗਸਤ ਤੋਂ ਬਠਿੰਡਾ ਵਿੱਚ ਲਾਇਆ ਪੱਕਾ ਮੋਰਚਾ ਅੱਜ ਹੋਰ ਭਖ ਗਿਆ। ਜਥੇਬੰਦੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਦੀਆਂ ਸਰਕਾਰੀ ਰਿਹਾਇਸ਼ਾਂ ਦਾ ਘਿਰਾਓ ਕੀਤਾ ਗਿਆ।
ਮੋਰਚੇ ਦੀ ਸਟੇਜ ਤੋਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਹੋਰ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ 12 ਸਤੰਬਰ ਨੂੰ ਪੰਜਾਬ ਦੇ ਚਾਰ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਘਰਾਂ ਦੇ ਘਿਰਾਓ ਮੌਕੇ ਕਿਸਾਨੀ ਮੋਰਚੇ ਦੀਆਂ 13 ਮੰਗਾਂ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮੰਗ ਪੱਤਰ ਵੀ ਲਿਜਾਇਆ ਜਾਵੇਗਾ।
ਘਿਰਾਓ ਦੌਰਾਨ ਕਿਸਾਨ ਆਗੂਆਂ ਨੇ ਬਠਿੰਡਾ ਜ਼ਿਲ੍ਹੇ ਵਿੱਚ ਕਿਸਾਨ ਅੰਦੋਲਨਾਂ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ, ਸਦੀਆਂ ਤੋਂ ਜ਼ਮੀਨਾਂ ’ਤੇ ਕਾਬਜ਼ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਅਤੇ ਜਿਉਂਦ ਪਿੰਡ ਦੀ ਜ਼ਮੀਨ ਦਾ ਮਸਲਾ ਹੱਲ ਕਰਨ ਸਣੇ ਪਿੰਡ ਘੁੱਦਾ ਵਿੱਚ ਅੱਗ ਨਾਲ ਸੜੀ ਕਣਕ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ।
ਇਸ ਮੌਕੇ ਐੱਸ ਐੱਸ ਪੀ ਬਠਿੰਡਾ ਨੇ ਮੋਰਚੇ ਦੀ ਸਟੇਜ ਤੋਂ ਭਰੋਸਾ ਦਿੱਤਾ ਕਿ ਕਿਸਾਨਾਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਨ ਸਬੰਧੀ ਸੋਮਵਾਰ ਤੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਆਗੂਆਂ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਵਾਲੀਆਂ ਦੋ ਪੱਤਰਕਾਰ ਕੁੜੀਆਂ ਨਾਲ ਕਥਿਤ ਕੁੱਟਮਾਰ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਕੱਠ ਨੂੰ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਆਗੂਆਂ ਨੇ ਸੰਬੋਧਨ ਕਿਹਾ ਕਿ ਮੋਰਚੇ ਦੀਆਂ 13 ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
ਬਰਨਾਲਾ (ਪਰਸ਼ੋਤਮ ਬੱਲੀ): ਕਿਸਾਨੀ ਮੰਗਾਂ ਸਬੰਧੀ ਡੀ ਸੀ ਬਰਨਾਲਾ ਦਫ਼ਤਰ ਅੱਗੇ ਬੀ ਕੇ ਯੂ ਉਗਰਾਹਾਂ ਦੀ ਅਗਵਾਈ ਹੇਠ ਪੱਕੇ ਮੋਰਚੇ ਦੇ ਸੱਤਵੇਂ ਦਿਨ ਅੱਜ ਕਿਸਾਨਾਂ ਤੇ ਔਰਤਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਦੀ ਰਿਹਾਇਸ਼ ਮੂਹਰੇ ਵੀ ਧਰਨਾ ਲਾਇਆ। ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਕਮਲਜੀਤ ਕੌਰ ਬਰਨਾਲਾ ਤੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ ਆਦਿ ਨੇ ਕਿਹਾ ਕਿ ਕਿਸਾਨ-ਮਜ਼ਦੂਰ ਮੰਗਾਂ ਸਬੰਧੀ ਧਰਨਿਆਂ ‘ਚ ਡਟੇ ਹੋਏ ਹਨ ਪਰ ਕਿਸੇ ਵੀ ਪਾਰਟੀ ਜਿਨ੍ਹਾਂ ਦੇ ਆਗੂ ਵੋਟਾਂ ਸਮੇਂ ਘਰਾਂ ਦੀਆਂ ਦਹਿਲੀਜ਼ਾਂ ਨੀਵੀਂਆਂ ਕਰ ਦਿੰਦੇ ਹਨ, ਨੇ ਹਾਲੇ ਤੱਕ ਉਨ੍ਹਾਂ ਹੱਕ ‘ਚ ਹਾਅ ਦਾ ਨਾਅਰਾ ਵੀ ਮਾਰਿਆ। ਉਨ੍ਹਾਂ ਕਿਹਾ ਕਿ ਮੋਰਚਿਆਂ ਨੇ ਮਿੱਤਰ ਤੇ ਦੁਸ਼ਮਣ ਦੀ ਪਛਾਣ ਵੀ ਪਿੰਡਾਂ ਵਿੱਚ ਕਰਵਾ ਦੇਣੀ ਹੈ। ਆਗੂਆਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।
ਮੁਕਤਸਰ ਦਾ ਡਿਪਟੀ ਕਮਿਸ਼ਨਰ ਦਫ਼ਤਰ ਘੇਰਿਆ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪੱਕੇ ਮੋਰਚੇ ਦੌਰਾਨ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਤਿੰਨੇ ਗੇਟਾਂ ਮੂਹਰੇ ਧਰਨਾ ਸ਼ੁਰੂ ਕਰ ਕੇ ਦਫਤਰ ਪੱਕੇ ਤੌਰ ’ਤੇ ਬੰਦ ਕਰ ਦਿੱਤਾ। ਭਾਵੇਂ ਅੱਜ ਸ਼ਨਿਚਰਵਾਰ ਦਾ ਦਿਨ ਹੋਣ ਕਰ ਕੇ ਦਫਤਰ ਬੰਦ ਹੈ ਪਰ ਕੰਪਲੈਕਸ ਅੰਦਰ ਸੇਵਾ ਕੇਂਦਰ, ਬੈਂਕ ਅਤੇ ਪ੍ਰਾਈਵੇਟ ਦਫਤਰ ਹੋਣ ਕਰਕੇ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਯੂਨੀਅਨ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਇਹ ਘਿਰਾਓ ਜਥੇਬੰਦੀ ਦੀਆਂ ਮੰਗਾਂ ਦੇ ਨਾਲ-ਨਾਲ 13 ਮੰਗਾਂ ਦੇ ਨਾਲ ਜ਼ਿਲ੍ਹਾ ਮੁਕਤਸਰ ਨਾਲ ਸਬੰਧਤ ਪਿੰਡ ਸਿੰਘੇਵਾਲਾ ਤੇ ਲੰਬੀ ਵਿਖੇ ਕਿਸਾਨ ਸੰਘਰਸ਼ ਦੌਰਾਨ ਦਰਜ ਕੀਤੇ ਪਰਚੇ ਰੱਦ ਕਰਨ ਦੇ ਨਾਲ ਪਰਾਲੀ ਜਲਾਉਣ ਸਬੰਧੀ ਦਰਜ ਮੁਕੱਦਮੇ ਰੱਦ ਕਰਾਉਣ ਲਈ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਮੁਕਤਸਰ ਜ਼ਿਲ੍ਹੇ ਵਿੱਚ ਨਰਮੇ ਦੇ ਖਰਾਬੇ ਦਾ ਪੂਰਾ ਮੁਆਵਜ਼ਾ ਦੇਣਾ ਵੀ ਮੁੱਖ ਮੰਗ ਵਿੱਚ ਸ਼ਾਮਲ ਹੈ। ਇਸ ਦੌਰਾਨ ਕਿਸਾਨਾਂ ਨੇ ਗੇਟਾਂ ਮੂਹਰੇ ਹੀ ਲੰਗਰ-ਪਾਣੀ ਛਕਿਆ ਅਤੇ ਦਰੀਆਂ ਵਿਛਾ ਕੇ ਧਰਨਾ ਦਿੱਤਾ। ਇਸ ਮੌਕੇ ਪੁਲੀਸ ਅਤੇ ਫਾਇਰ ਬ੍ਰਿਗੇਡ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਮਾਨਸਾ ਵਿੱਚ ਕਿਸਾਨਾਂ ਤੇ ਪੁਲੀਸ ਅਧਿਕਾਰੀਆਂ ਵਿਚਾਲੇ ਧੱਕਾ-ਮੁੱਕੀ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਖਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਪੱਕਾ ਮੋਰਚੇ ’ਤੇ ਬੈਠੇ ਕਿਸਾਨਾਂ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਾਰ ਨਾ ਲਈ ਤਾਂ ਅੱਕੇ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਦੇ ਦਫ਼ਤਰ ਦਾ ਘਿਰਾਓ ਕਰ ਲਿਆ। ਘਿਰਾਓ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਹਾਲਾਂਕਿ ਕੁਝ ਕਿਸਾਨ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਤੱਕ ਪਹੁੰਚਣ ਵਿੱਚ ਸਫ਼ਲ ਹੋ ਗਏ। ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਧਰਨੇ ਦੌਰਾਨ ਜਦੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਰਕਾਰੀ ਪ੍ਰਤੀਨਿਧ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਮਜਬੂਰਨ ਡੀ ਸੀ ਅਤੇ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ, ਜਿਸ ਕਾਰਨ ਪੁਲੀਸ ਅਧਿਕਾਰੀ ਮਿੰਟੋ-ਮਿੰਟੀ ਹਰਕਤ ਵਿੱਚ ਆ ਗਏ। ਬਾਅਦ ਵਿੱਚ ਪੁਲੀਸ ਦੇ ਉਚ ਅਧਿਕਾਰੀਆਂ ਨੇ ਵਿੱਚ ਪੈ ਕੇ ਗੁੱਸੇ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਠੰਢਾ ਕਰਨ ਦਾ ਯਤਨ ਕੀਤਾ ਤੇ ਕਿਸਾਨਾਂ ਨੂੰ ਉਚ ਅਧਿਕਾਰੀਆਂ ਤੱਕ ਉਨ੍ਹਾਂ ਦੀ ਅਵਾਜ਼ ਪਹੁੰਚਾਉਣ ਦਾ ਭਰੋਸਾ ਦਿਵਾਇਆ।

