ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੀ ਵਿਵਾਦਤ ਜ਼ਮੀਨ ਦੇ ਮਾਮਲੇ ’ਚ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਕਿਸਾਨ ਮੰਗ ਕਰ ਰਹੇ ਸਨ ਕਿ ਪਿੰਡ ਕੁਲਰੀਆਂ ਦੀ 71 ਏਕੜ ਜ਼ਮੀਨ ਤੋਂ ਜੋ ਕਿ ਉੱਥੋਂ ਦੇ ਕਿਸਾਨ ਪੀੜ੍ਹੀ ਦਰ ਪੀੜ੍ਹੀ ਕਾਸ਼ਤ ਕਰਦੇ ਆ ਰਹੇ ਹਨ, ਨੂੰ ਪ੍ਰਸ਼ਾਸਨ ਵੱਲੋਂ ਬੇਦਖ਼ਲ ਕਰਨਾ ਬੰਦ ਕੀਤਾ ਜਾਵੇ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਪਿੰਡ ਕੁਲਰੀਆਂ ਦੀ 71 ਏਕੜ ਜ਼ਮੀਨ, ਜੋ ਕਿ ਜੁਮਲਾ ਮਸਤਰਕਾ ਮਾਲਕਾਨ ਖਾਤੇ ਦੀ ਜ਼ਮੀਨ ਹੈ ਅਤੇ ਮੁਰੱਬਾਬੰਦੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਲਾਟ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਵਿੱਚ ਵੀ ਕਿਸਾਨਾਂ ਦੇ ਨਾਂ ’ਤੇ ਹੀ ਕਬਜ਼ਾ ਕਾਸ਼ਤ ਦਰਜ ਹੈ, ਪ੍ਰੰਤੂ ਪ੍ਰਸ਼ਾਸਨ ਪ੍ਰਸ਼ਾਸਨ, ਪੰਚਾਇਤੀ ਵਿਭਾਗ ਅਤੇ ਸਰਕਾਰ ਜਬਰੀ ਕਿਸਾਨਾਂ ਨੂੰ ਜ਼ਮੀਨ ਤੋਂ ਬਾਹਰ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਆਪਣੀ ਜ਼ਮੀਨ ’ਤੇ ਵਾਹ-ਵਹਾਈ ਕਰਨ ਤੋਂ ਬਾਅਦ ਸਬੰਧਤ ਕਿਸਾਨਾਂ ਅਤੇ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ ਹਨ ਅਤੇ ਕਿਸਾਨਾਂ ਦੇ ਟਰੈਕਟਰ ਅਤੇ ਮਸ਼ੀਨਰੀ ਵੀ ਜ਼ਬਤ ਕੀਤੀ ਗਈ ਹੈ, ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਕਿਸਾਨ ਆਗੂ ਨੇ ਮੰਗ ਕੀਤੀ ਕਿ ਕਿਸਾਨਾਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ, ਜ਼ਮੀਨ ਦੀ ਕੀਤੀ ਜਾਅਲੀ ਬੋਲੀ ਰੱਦ ਕੀਤੀ ਜਾਵੇ ਅਤੇ ਕਿਸਾਨਾਂ ਦੀ ਕਬਜ਼ਾ ਕਾਸ਼ਤ ਬਹਾਲ ਰੱਖੀ ਜਾਵੇ ਅਤੇ ਮਜ਼ਦੂਰਾਂ ਦੀ ਕੁੱਟਮਾਰ ਅਤੇ ਕਿਸਾਨਾਂ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਬਲਵਿੰਦਰ ਸ਼ਰਮਾ, ਬਲਕਾਰ ਸਿੰਘ ਚਹਿਲਾਂਵਾਲੀ, ਗੁਰਜੰਟ ਸਿੰਘ ਮਘਾਣੀਆਂ, ਦੇਵੀ ਰਾਮ , ਜਗਦੇਵ ਸਿੰਘ ਕੋਟਲੀ, ਮਨਜੀਤ ਕੌਰ ਤੇ ਮੱਖਣ ਸਿੰਘ ਉੱਡਤ ਆਦਿ ਨੇ ਸੰਬੋਧਨ ਕੀਤਾ।
ਪਿੰਡ ਬੱਘੇਕੇ ਉਤਾੜ ਵਿੱਚ ਉਜਾੜੇ ਵਿਰੁੱਧ ਪੱਕਾ ਮੋਰਚਾ

ਫਾਜ਼ਿਲਕਾ (ਪਰਮਜੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਅਧੀਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਦੇ ਪਿੰਡ ਬੱਘੇਕੇ ਉਤਾੜ (ਕਾਲੂ ਵਾਲਾ) ਵਿੱਚ ਕਾਸ਼ਤਕਾਰ ਕਿਸਾਨਾਂ ਨੂੰ 20 ਏਕੜ ਜ਼ਮੀਨ ’ਚੋਂ ਉਜਾੜਨ ਵਿਰੁੱਧ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡੀਪੁਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਰੇਸ਼ਮ ਮਿੱਢਾ ਨੇ ਦੱਸਿਆ ਕਿ ਪਿੰਡ ਕਾਲੂ ਵਾਲਾ ਦਾ ਲਗਭਗ 20 ਏਕੜ ਰਕਬਾ ਜੋ ਕਿ ਰਿਕਾਰਡ ਮੁਤਾਬਿਕ ਕਿਸਾਨਾਂ ਦੀ ਮਾਲਕੀ ਹੈ ਅਤੇ ਪਿਛਲੇ ਲੰਮੇ ਤੋਂ ਉਨ੍ਹਾਂ ਵੱਲੋਂ ਉਸ ਜ਼ਮੀਨ ’ਤੇ ਖੇਤੀ ਕੀਤੀ ਜਾ ਰਹੀ ਹੈ। ਇਸ ਜ਼ਮੀਨ ਨਾਲ ਰਿਕਾਰਡ ਵਿੱਚ ਪੰਚਾਇਤ ਦਾ ਕੋਈ ਲੈਣ ਦੇਣ ਨਹੀਂ ਹੈ। ਜ਼ਮੀਨ ਵਿੱਚ ਲੋਕਾਂ ਦੇ ਰਿਹਾਇਸ਼ੀ ਮਕਾਨ ਵੀ ਹਨ ਅਤੇ ਮੋਟਰਾਂ ਦੇ ਕੁਨੈਕਸ਼ਨ ਵੀ ਲੰਮੇ ਸਮੇਂ ਤੋਂ ਉਨ੍ਹਾਂ ਦੇ ਨਾਮ ’ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਇਸ ਜ਼ਮੀਨ ਦੀ ਮਾਲਕੀ ਹੱਕ ਸੰਬਧੀ ਅਦਾਲਤਾਂ ਦੇ ਫੈਸਲੇ ਵੀ ਕਿਸਾਨਾਂ ਦੇ ਹੱਕ ਵਿੱਚ ਭੁਗਤੇ ਹਨ, ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਤੇ ਸੱਤਾ ਧਿਰ ਦੇ ਆਗੂ ਕਿਸਾਨਾਂ ਨੂੰ ਉਜਾੜ ਕੇ ਜ਼ਮੀਨ ਹੜੱਪਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਕੋਈ ਕਾਨੂੰਨੀ ਨੋਟਿਸ ਕੱਢੇ ਬਗੈਰ ਅੱਜ ਪ੍ਰਸ਼ਾਸਿਕ ਅਧਿਕਾਰੀਆਂ ਨੇ ਜਿਸ ਜ਼ਮੀਨ ਦਾ ਕਬਜ਼ਾ ਲੈਣ ਆਉਣਾ ਸੀ, ਉਸ ਜ਼ਮੀਨ ’ਚ ਝੋਨੇ ਦੀ ਫ਼ਸਲ ਪੱਕਣ ਕੰਢੇ ਹੈ। ਕਬਜ਼ੇ ਬਾਰੇ ਅੱਜ ਜ਼ਮੀਨ ਦੇ ਮਾਲਕਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕੀਤਾ। ਆਗੂਆਂ ਨੇ ਜਦੋਂ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਮਿਸ਼ਨਰ ਦੇ ਹੁਕਮ ਹਨ। ਆਗੂਆਂ ਨੇ ਕਿਹਾ ਕਿ ਇਹ ਜਵਾਬ ਸੁਣ ਕੇ ਉਨ੍ਹਾਂ ਨੂੰ ਇਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਕੁੱਲ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਹੰਸ ਰਾਜ ਗੋਲਡਨ, ਬਲਾਕ ਜਲਾਲਾਬਾਦ ਦੇ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ, ਬਲਵੰਤ ਚੌਹਾਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਬਿਸ਼ਨ ਚੌਹਾਣਾ, ਮੀਤ ਪ੍ਰਧਾਨ ਗੁਰਵਿੰਦਰ ਮੰਨੇ ਵਾਲਾ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਸੁਬਾਜਕੇ ਨੇ ਵੀ ਸੰਬੋਧਨ ਕੀਤਾ।