ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਨਓਸੀ ਨਾ ਮਿਲਣ ’ਤੇ ਕਿਸਾਨ ਜਥੇਬੰਦੀ ਵੱਲੋਂ ਬੈਂਕ ਅੱਗੇ ਧਰਨਾ

ਬੈਂਕ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਧਰਨੇ ਮੌਕੇ ਸੰਬੋਧਨ ਕਰਦੇ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ। -ਫੋਟੋ: ਮਾਨ
Advertisement
ਜੋਗਿੰਦਰ ਸਿੰਘ ਮਾਨ

ਮਾਨਸਾ, 16 ਜੂਨ

Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਇੱਕ ਪ੍ਰਾਈਵੇਟ ਬੈਂਕ ਅੱਗੇ ਧਰਨਾ ਦੇ ਕੇ ਬੈਂਕ ਅਧਿਕਾਰੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਦੇ ਕਿਸਾਨ ਜਸਵਿੰਦਰ ਸਿੰਘ ਨੇ ਸਾਲ 2022 ਵਿੱਚ 8 ਏਕੜ 3 ਕਨਾਲ ’ਤੇ 19 ਲੱਖ ਰੁਪਏ ਦੀ ਲਿਮਟ ਬਣਾਈ ਸੀ। ਉਹ ਹਰ 6 ਮਹੀਨੇ ਬਾਅਦ ਵਿਆਜ ਸਮੇਤ ਲਿਮਟ ਭਰ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਉਕਤ ਕਿਸਾਨ ਵੱਲੋਂ 19 ਲੱਖ 93500 ਰੁਪਏ ਵਿਆਜ ਸਮੇਤ ਭਰਕੇ ਬੈਂਕ ਤੋਂ ਐੱਨ.ਓ.ਸੀ. ਦੀ ਮੰਗ ਕੀਤੀ ਗਈ ਤਾਂ ਬੈਂਕ ਵੱਲੋਂ ਹੋਰ 84,000 ਰੁਪਏ ਭਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਖਪਤਕਾਰ ਕਿਸਾਨ ਨੇ ਹੋਰ ਪੈਸੇ ਨਾ ਬਣਨ ਸਬੰਧੀ ਬੈਂਕ ਅਧਿਕਾਰੀਆਂ ਕੋਲ ਅਪੀਲ ਕੀਤੀ ਤਾਂ ਉਨ੍ਹਾਂ ਗੱਲ ਨਾ ਸੁਣੀ।

ਬਾਅਦ ਵਿੱਚ ਪੀੜਤ ਕਿਸਾਨ ਵੱਲੋਂ ਇਹ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਜਥੇਬੰਦਕ ਆਗੂਆਂ ਵੱਲੋਂ ਵਾਰ-ਵਾਰ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ, ਪਰ ਸਿਵਾਏ ਲਾਰਿਆਂ ਦੇ ਮਸਲੇ ਦਾ ਕੋਈ ਹੱਲ ਨਾ ਕੱਢਿਆ, ਜਿਸ ਕਰਕੇ ਮਜਬੂਰੀਵੱਸ ਜਥੇਬੰਦੀ ਨੂੰ ਬੈਂਕ ਅੱਗੇ ਧਰਨਾ ਲਾਉਣਾ ਪਿਆ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਬੈਂਕ ਅਧਿਕਾਰੀਆਂ ਵੱਲੋਂ ਡੀ.ਐੱਸ.ਪੀ. ਪ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਮੰਨਿਆ ਗਿਆ ਕਿ ਬੈਂਕ ਦੇ ਹੈਡ ਆਫਿਸ ਵਿੱਚ ਉਨ੍ਹਾਂ ਦੀ ਗੱਲ ਹੋ ਚੁੱਕੀ ਹੈ ਕਿ ਅਗਲੇ ਸੋਮਵਾਰ ਨੂੰ ਕਿਸਾਨ ਨੂੰ ਐੱਨ.ਓ.ਸੀ. ਦੇ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ।

ਇਸ ਮੌਕੇ ਉੱਤਮ ਸਿੰਘ ਰਾਮਾਨੰਦੀ, ਜਗਸੀਰ ਸਿੰਘ ਜਵਾਹਰਕੇ, ਮਨਜੀਤ ਸਿੰਘ ਰਾਮਾਨੰਦੀ, ਸੁਖਵਿੰਦਰ ਸਿੰਘ ਫਤਿਹਪੁਰ ਅਤੇ ਰਾਏ ਸਿੰਘ ਝੇਰਿਆਂਵਾਲੀ ਨੇ ਵੀ ਸੰਬੋਧਨ ਕੀਤਾ।

 

 

Advertisement