ਮਾਲਵੇ ’ਚ ਕਿਸਾਨ ਨਰਮੇ ਦੀ ਖੇਤੀ ਤੋਂ ਕਿਨਾਰਾ ਕਰਨ ਲੱਗੇ
ਮਾਲਵਾ ਖੇਤਰ ਵਿੱਚ ਬੀ ਟੀ ਕਾਟਨ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹੋ ਰਹੇ ਵਾਰ-ਵਾਰ ਹਮਲਿਆਂ ਤੋਂ ਅੱਕੇ ਕਿਸਾਨਾਂ ਵੱਲੋਂ ਇਸ ਵਾਰ ਨਰਮੇ ਹੇਠਾਂ ਵੱਡੀ ਪੱਧਰ ’ਤੇ ਰਕਬਾ ਘਟਾਉਣ ਕਾਰਨ ਹੁਣ ਕਪਾਹ ਪੱਟੀ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋ...
ਮਾਲਵਾ ਖੇਤਰ ਵਿੱਚ ਬੀ ਟੀ ਕਾਟਨ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹੋ ਰਹੇ ਵਾਰ-ਵਾਰ ਹਮਲਿਆਂ ਤੋਂ ਅੱਕੇ ਕਿਸਾਨਾਂ ਵੱਲੋਂ ਇਸ ਵਾਰ ਨਰਮੇ ਹੇਠਾਂ ਵੱਡੀ ਪੱਧਰ ’ਤੇ ਰਕਬਾ ਘਟਾਉਣ ਕਾਰਨ ਹੁਣ ਕਪਾਹ ਪੱਟੀ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਰਕਬਾ ਘਟਣ ਦੇ ਡਰੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਚਿੱਟੇ ਸੋਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਪ੍ਰੇਰਿਤ ਕੀਤਾ ਜਾਣ ਲੱਗਿਆ ਹੈ। ਇਸ ਵਾਰ ਕਿਸਾਨਾਂ ਦਾ ਨਰਮੇ ਤੋਂ ਮਨ ਅੱਕਿਆ ਪਿਆ ਹੈ, ਜਿਸ ਨੂੰ ਲੈ ਕੇ ਭਾਵੇਂ ਪੰਜਾਬ ਸਰਕਾਰ ਨੇ 33 ਫੀਸਦੀ ਬੀ ਟੀ ਕਾਟਨ ’ਤੇ ਸਬਸਿਡੀ ਦੇਣ ਦਾ ਫੈਸਲਾ ਵੀ ਕੀਤਾ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਨਰਮਾ ਬੀਜਣ ਲਈ ਮਨ ਨਹੀਂ ਬਣਿਆ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਮਾਲਵਾ ਪੱਟੀ ਵਿੱਚ ਨਰਮੇ ਹੇਠ ਰਕਬੇ ਨੂੰ ਵਧਾਉਣ ਲਈ ਹੋਰ ਉਪਰਾਲੇ ਕਰਨ ਵਾਸਤੇ ਬਕਾਇਦਾ ਆਦੇਸ਼ ਜਾਰੀ ਕੀਤੇ ਹਨ। ਇਸ ਖੇਤਰ ਦੇ ਖੇਤਾਂ ਵਿੱਚ ਜਾ ਕੇ ਵੇਖਿਆ ਗਿਆ ਹੈ ਕਿ ਅਜੇ ਤੱਕ ਕਿਸੇ-ਕਿਸੇ ਖੇਤ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਨਹੀਂ ਕੀਤੀ ਗਈ ਹੈ, ਉਂਜ ਦੂਰ-ਦੂਰ ਤੱਕ ਕਿਸਾਨਾਂ ਵੱਲੋਂ ਝੋਨਾ ਲਾਉਣ ਲਈ ਹੀ ਮਨ ਬਣਾਇਆ ਹੋਇਆ ਹੈ ਅਤੇ ਅਗੇਤੇ ਵਿਹਲੇ ਹੋਏ ਖੇਤਾਂ ਵਿੱਚ ਮੂੰਗੀ ਬੀਜਣ ਲੱਗੇ ਹਨ।
ਦਿਲਚਸਪ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਕਪਾਹ ਪੱਟੀ ਹੇਠਲੇ ਜ਼ਿਲ੍ਹੇ ਮਾਨਸਾ ਸਮੇਤ ਬਰਨਾਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਫ਼ਸਲ ਉਤਸ਼ਾਹਿਤ ਕਰਨ ਲਈ ਕਿਸਾਨ ਮਿੱਤਰਾਂ ਦੀ ਚੋਣ ਕੀਤੀ ਸੀ, ਜਿਨ੍ਹਾਂ ਰਾਹੀਂ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਇੱਕ ਸਕੀਮ ਹੋਂਦ ਵਿੱਚ ਲਿਆਂਦੀ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਨਾ ਆਉਣ ਦੀ ਜਾਣਕਾਰੀ ਮਿਲੀ ਹੈ।
ਮਾਨਸਾ ਇਲਾਕੇ ਦੇ ਪ੍ਰਸਿੱਧ ਬੀਜ ਵਿਕਰੇਤਾ ਮੁਨੀਸ਼ ਕੁਮਾਰ ਰੱਲਾ ਖਾਦ ਭੰਡਾਰ ਨੇ ਦੱਸਿਆ ਕਿ ਇਸ ਵਾਰ ਕਿਸਾਨ ਨਰਮੇ ਦੀ ਬਿਜਾਈ ਲਈ ਘੱਟ ਦਿਲਚਸਪੀ ਲੈ ਰਹੇ ਹਨ ਅਤੇ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਬੀਜ ਵਿਕਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਭਾਵੇਂ ਕਿਸਾਨਾਂ ਦੀ ਨਰਮੇ ਵਿੱਚ ਭਾਵੇਂ ਦਿਲਚਸਪੀ ਬਹੁਤ ਘਟੀ ਹੈ, ਪਰ ਮਹਿਕਮੇ ਵੱਲੋਂ ਹੁਣ ਕਿਸਾਨ ਮਿੱਤਰਾਂ ਨੂੰ ਮਹਿਕਮੇ ਦਾ ਅੰਗ ਮੰਨਦੇ ਹੋਏ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਣ ਵਾਲੀਆਂ ਵਿਭਾਗੀ ਸਿਫਾਰਸ਼ਾਂ ਕਿਸਾਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਤਾਂ ਜੋ ਨਰਮੇ ਦੀ ਫ਼ਸਲ ਨੂੰ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਵੱਧ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਜਾਵੇਗੀ। ਪਹਿਲਾਂ 25,123 ਹੈਕਟੇਅਰ ਅਤੇ ਐਤਕੀਂ 28,637 ਹੈਕਟੇਅਰ ਰਕਬੇ ਵਿੱਚ ਨਰਮਾ ਦੀ ਬਿਜਾਈ ਕੀਤੀ ਜਾਵੇਗੀ।

