Farmers Hold Protest on Railway Track in Mallanwala: ਕਿਸਾਨਾਂ-ਮਜ਼ਦੂਰਾਂ ਵੱਲੋਂ ਮੱਲਾਂਵਾਲਾ ਰੇਲ ਪਟੜੀ ’ਤੇ ਧਰਨਾ
ਸਰਕਾਰ ’ਤੇ ਮੰਗਾਂ ਅਣਗੌਲੀਆਂ ਕਰ ਕੇ ਕਾਰਪੋਰੇਟਪੱਖੀ ਨੀਤੀਆਂ ਲਾਗੂ ਕਰਨ ਦਾ ਦੋਸ਼
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਰੇਲਵੇ ਟਰੈਕ ਮੱਲਾਂ ਵਾਲਾ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸਭਰਾ, ਧਰਮ ਸਿੰਘ ਸਿੱਧੂ ਅਤੇ ਸੁਰਜੀਤ ਸਿੰਘ ਫ਼ੌਜੀ ਨੇ ਕਿਹਾ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਕਿਸਾਨਾਂ-ਮਜ਼ਦੂਰਾਂ ਵੱਲੋਂ 31 ਅਗਸਤ ਨੂੰ ਡੀ ਸੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾ ਰਹੇ ਸਨ ਪਰ ਸਰਕਾਰ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕੇ ਕਾਰਪੋਰੇਟਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਰਲਮ ਦੀ ਤਰਜ਼ ’ਤੇ ਫ਼ਸਲਾਂ ਦੀ ਐੱਮ ਐੱਸ ਪੀ ਪੱਕੀ ਕਰੇ, ਆਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਤੁਰੰਤ ਕੀਤੀ ਜਾਵੇ, ਲੈਂਡ ਪੂਲਿੰਗ ਨੀਤੀ ਤੁਰੰਤ ਰੱਦ ਕੀਤੀ ਤੇ ਜਬਰੀ ਜ਼ਮੀਨਾਂ ਖੋਹਣੀਆ ਬੰਦ ਕੀਤੀਆਂ ਜਾਣ, ਬਿਜਲੀ ਐਕਟ ਸੋਧ ਬਿੱਲ 2025 ਰੱਦ ਕਰ ਕੇ ਸਮਾਰਟ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਭਾਰਤ ਅਮਰੀਕਾ ਟਰੇਡ ਸਮਝੌਤੇ ਰੱਦ ਕੀਤੇ ਜਾਣ, ਗੰਨੇ ਦੇ ਬਿੱਲ ਬਕਾਏ ਤੁਰੰਤ ਜਾਰੀ ਕੀਤੇ ਜਾਣ, ਨਸ਼ਿਆਂ ਦੇ ਸੁਦਾਗਰਾਂ ’ਤੇ ਨਕੇਲ ਕੱਸੀ ਜਾਵੇ। ਇਸ ਮੌਕੇ ਰਣਜੀਤ ਸਿੰਘ ਖੱਚਰ ਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਅਮਨਦੀਪ ਸਿੰਘ ਕੱਚਰਭੰਨ, ਗੁਰਮੇਲ ਸਿੰਘ ਫੱਤੇਵਾਲਾ, ਗੁਰਬਖਸ਼ ਸਿੰਘ ਪੰਜਗਰਾਈਂ, ਮੰਗਲ ਸਿੰਘ ਸਵਾਈਕੇ, ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਸਾਬੂਆਣਾ, ਅਵਤਾਰ ਸਿੰਘ ਬੱਗੇ ਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸਾਹਿਬ ਸਿੰਘ ਦੀਨੇਕੇ, ਰਜਿੰਦਰ ਸਿੰਘ ਫੁਲਰਵਾਨ, ਕੁਲਦੀਪ ਸਿੰਘ ਮੱਤੜ, ਕੰਵਲਦੀਪ ਸਿੰਘ ਠੱਠਾ, ਗੁਰਮੀਤ ਸਿੰਘ ਚੱਬਾ, ਅਮਰਜੀਤ ਸਿੰਘ ਸੰਤੂ ਵਾਲਾ, ਮੱਖਣ ਸਿੰਘ ਵਾੜਾ, ਚਮਕੌਰ ਸਿੰਘ ਵਰਨਾਲਾ, ਫੁੰਮਣ ਸਿੰਘ ਰਾਉਕੇ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਆਰ ਕੇ ਜ਼ੀਰਾ, ਵਰਿੰਦਰ ਸਿੰਘ ਕੱਸੋਆਣਾ, ਬਚਿੱਤਰ ਸਿੰਘ ਦੂਲੇਵਾਲਾ, ਜਮਸ਼ੇਰ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਜਗਰੂਪ ਸਿੰਘ ਟਿੱਬੀ, ਪਿਆਰਾ ਸਿੰਘ ਘੁੱਦੂਵਾਲਾ, ਸਾਹਿਬ ਸਿੰਘ ਤਲਵੰਡੀ ਅਤੇ ਮੇਜਰ ਸਿੰਘ ਗਜਨੀ ਵਾਲਾ ਨੇ ਵੀ ਸੰਬੋਧਨ ਕੀਤਾ।

