Administration ਦੇ ਭਰੋਸੇ ਮਗਰੋਂ ਟੈਂਕੀ ਤੋਂ ਹੇਠਾਂ ਉਤਰੇ ਕਿਸਾਨ
ਹਾਈ ਵੋਲਟੇਜ ਟਾਵਰਾਂ ਦੇ ਮੁਆਵਜ਼ੇ ਦੀ ਮੰਗ ਲਈ ਵੈਦਵਾਲਾ ਵਿੱਚ ਚੱਲ ਰਿਹਾ ਸੀ ਸੰਘਰਸ਼
ਸਿਰਸਾ ਜ਼ਿਲ੍ਹੇ ਦੇ ਪਿੰਡ ਵੈਦਵਾਲਾ ਵਿੱਚ ਜ਼ਮੀਨ ਦੇ ਢੁੱਕਵੇਂ ਮੁਆਵਜ਼ੇ ਦੀ ਮੰਗ ਸਬੰਧੀ ਪਿਛਲੇ ਛੇ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਦੋਵੇਂ ਕਿਸਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਤੋਂ ਮਗਰੋਂ ਹੇਠਾਂ ਉੱਤਰ ਆਏ ਹਨ। ਕਿਸਾਨਾਂ ਨੇ ਫਿਲਹਾਲ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਈਪਰ ਟੈਨਸ਼ਨ ਬਿਜਲੀ ਦੇ ਟਾਵਰ ਲਾਏ ਜਾਣ ਵਾਲੀ ਜ਼ਮੀਨ ਦੇ ਬਣਦੇ ਮੁਆਵਜ਼ੇ ਲਈ ਪਿੰਡ ਦੇ ਕਿਸਾਨ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹੇ ਹੋਏ ਸਨ ਅਤੇ ਵਾਟਰ ਵਰਕਸ ਵਿੱਚ ਧਰਨਾ ਜਾਰੀ ਸੀ। ਕਿਸਾਨਾਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਮਾਰਕੀਟ ਰੇਟ ਦੇ ਹਿਸਾਬ ਨਾਲ ਮੁਆਵਜ਼ਾ ਨਾ ਮਿਲਿਆ ਤਾਂ ਉਹ ਖੇਤਾਂ ਵਿੱਚ ਲਾਏ ਟਾਵਰ ਪੁੱਟ ਦੇਣਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਪਿੰਡ ਵੈਦਵਾਲਾ ਵਿੱਚ ਪਹੁੰਚ ਕੇ ਧਰਨਾਕਾਰੀਆਂ ਅਤੇ ਟੈਂਕੀ ’ਤੇ ਚੜ੍ਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ ਅਤੇ ਮੁਆਵਜ਼ੇ ਦੇ ਮਸਲੇ ਨੂੰ ਹੱਲ ਕਰਨ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ। ਪ੍ਰਸ਼ਾਸਨ ਦੇ ਇਸ ਭਰੋਸੇ ਨੂੰ ਸਵੀਕਾਰ ਕਰਦਿਆਂ ਕਿਸਾਨਾਂ ਨੇ ਟੈਂਕੀ ਤੋਂ ਹੇਠਾਂ ਉਤਰਨ ਦਾ ਫ਼ੈਸਲਾ ਕੀਤਾ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਅਮਲੀ ਜਾਮਾ ਨਾ ਪਹਿਨਾਇਆ ਤਾਂ ਉਹ ਮੁੜ ਤੋਂ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।

