ਕਾਰਪੋਰੇਟੀ ਲੁੱਟ ਵਿਰੁੱਧ ਕਿਸਾਨਾਂ ਦਾ ਪੱਕਾ ਮੋਰਚਾ ਸ਼ੁਰੂ
ਬੀ ਕੇ ਯੂ (ਉਗਰਾਹਾਂ) ਨੇ ਡੀ ਸੀ ਦਫ਼ਤਰਾਂ ਅੱਗੇ ਬੇਮਿਆਦੀ ਧਰਨੇ ਲਾਏ
ਕਾਰਪੋਰੇਟ ਘਰਾਣਿਆਂ ਦੀ ਕਥਿਤ ਲੁੱਟ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇੱਥੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਸੂਬਾ ਕਮੇਟੀ ਦੇ ਸੱਦੇ ਤਹਿਤ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੋਰਚਾ ਲਾਇਆ। ਜਥੇਬੰਦੀ ਨੇ ਜ਼ਮੀਨਾਂ ਦੇ ਮਾਲਕੀ ਹੱਕ, ਕਰਜ਼ਾ ਮੁਕਤੀ ਅਤੇ ਕਿਸਾਨ-ਮਜ਼ਦੂਰ ਪੱਖੀ ਨੀਤੀਆਂ ਲਾਗੂ ਕਰਨ ਦੀ ਮੰਗ ਕੀਤੀ।
ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੀ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਸਰਕਾਰਾਂ ਸਾਮਰਾਜੀ ਦਬਾਅ ਹੇਠ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ, ਸਿਹਤ, ਸਿੱਖਿਆ, ਰੇਲਵੇ ਅਤੇ ਆਵਾਜਾਈ ਵਰਗੇ ਜਨਤਕ ਅਦਾਰੇ ਵੱਡੀਆਂ ਕੰਪਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ।ਆਗੂਆਂ ਕਿਹਾ ਕਿ ਲੋਕਾਂ ’ਤੇ ਟੈਕਸਾਂ ਅਤੇ ਮਹਿੰਗਾਈ ਦਾ ਬੋਝ ਵਧ ਰਿਹਾ ਹੈ, ਜਦ ਕਿ ਵੱਡੀਆਂ ਕੰਪਨੀਆਂ ਦੇ ਕਰਜ਼ੇ ਵੱਟੇ-ਖਾਤੇ ਪਾਏ ਜਾ ਰਹੇ ਹਨ। ਉਨ੍ਹਾਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਅਤੇ ਹੋਰ ਸਾਮਰਾਜੀ ਮੁਲਕਾਂ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਫ਼ਤਿਹ) ਦੇ ਸੂਬਾ ਪ੍ਰਧਾਨ ਪ੍ਰਭਜੋਤ ਸਿੰਘ ਕਿਸਾਨਾਂ ਦੇ ਕਾਫ਼ਲੇ ਸਮੇਤ ਮੋਰਚੇ ਵਿੱਚ ਸ਼ਾਮਿਲ ਹੋਏ ਅਤੇ ਮੰਗਾਂ ਦੀ ਹਮਾਇਤ ਕੀਤੀ। ਇਕੱਠ ਨੂੰ ਜਗਸੀਰ ਸਿੰਘ ਝੁੰਬਾ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋ, ਜਸਪਾਲ ਸਿੰਘ ਕੋਠਾ ਗੁਰੂ, ਜਸਕਰਨ ਸਿੰਘ ਕੋਟਗੁਰੂ, ਗੁਰਪਾਲ ਸਿੰਘ ਦਿਉਣ, ਬਲਦੇਵ ਸਿੰਘ ਚੌਕੇ ਅਤੇ ਲਖਬੀਰ ਸਿੰਘ ਗਿੱਦੜ ਨੇ ਵੀ ਸੰਬੋਧਨ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਛੁੱਟੀ ਵਾਲੇ ਦਿਨ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅੱਗੇ ਅਣਮਿੱਥੇ ਸਮੇਂ ਲਈ ਦਿਨ-ਰਾਤ ਪੱਕੇ ਮੋਰਚੇ ਆਰੰਭ ਕਰ ਦਿੱਤੇ ਗਏ ਹਨ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ, ਜੋ ਕਰ ਮੁਕਤ ਸਮਝੌਤਾ ਹੋ ਰਿਹਾ ਹੈ, ਉਸ ਨਾਲ ਖੇਤੀ, ਡੇਅਰੀ, ਪੋਲਟਰੀ ਅਤੇ ਛੋਟੇ ਕਾਰੋਬਾਰੀਆਂ ਦਾ ਧੰਦਾ ਖ਼ਤਮ ਹੋ ਜਾਵੇਗਾ। ਜਥੇਬੰਦੀ ਮੰਗ ਕਰਦੀ ਹੈ ਕਿ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੁਲਿੰਗ ਨੀਤੀ ਤਹਿਤ ਜਬਰੀ ਜ਼ਮੀਨਾਂ ਖੋਹੀਆਂ ਜਾਣੀਆਂ ਅਤੇ ਕਿਸਾਨ ਵਿਰੋਧੀ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ ਖਜ਼ਾਨਚੀ, ਮਹਿੰਦਰ ਸਿੰਘ ਰੋਮਾਣਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਵਿੰਦਰ ਸਿੰਘ ਝੰਡਾ, ਜਸਕਰਨ ਸਿੰਘ ਖਿੱਲਣ, ਭੋਲਾ ਸਿੰਘ ਦਿਆਲਪੁਰਾ, ਕਰਮ ਸਿੰਘ ਅਕਲੀਆ, ਚਰਨਜੀਤ ਕੌਰ ਖੋਖਰ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ।
ਫ਼ਰੀਦਕੋਟ (ਕਮਲਜੀਤ ਕੌਰ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਭਾਰਤ-ਅਮਰੀਕਾ ਸਮਝੌਤੇ ਵਿਰੁੱਧ, ਦਰਿਆਈ ਪਾਣੀਆਂ ਦੇ ਮਸਲੇ ਕੌਮਾਂਤਰੀ ਸਮਝੌਤੇ ਤਹਿਤ ਹੱਲ ਕਰਨ ਸਮੇਤ ਅਤੇ ਹੋਰ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਫ਼ਰੀਦਕੋਟ ਦੇ ਜ਼ਿਲ੍ਹਾ ਹੈਡਕੁਆਰਟਰ ’ਤੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੱਤਾ, ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਜ਼ਿਲ੍ਹਾ ਆਗੂ ਜਸਪ੍ਰੀਤ ਸਿੰਘ ਜੱਸੀ, ਬਲਾਕ ਕੋਟਕਪੂਰਾ ਦੇ ਪ੍ਰਧਾਨ ਮਲਕੀਤ ਸਿੰਘ ਕੋਟਕਪੂਰਾ,ਫ਼ਰੀਦਕੋਟ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮੋਰਾਂਵਾਲੀ, ਬਲਾਕ ਜੈਤੋ ਪ੍ਰਧਾਨ ਜਗਜੀਤ ਸਿੰਘ ਜੈਤੋ, ਬਲਾਕ ਜੈਤੋ ਆਗੂ ਚਰਨਜੀਤ ਸਿੰਘ ਰਣ ਸਿੰਘ ਵਾਲਾ, ਇਕਾਈ ਜੈਤੋ ਪ੍ਰਧਾਨ ਸੁਖਪ੍ਰੀਤ ਸਿੰਘ ਜੈਤੋ, ਇਕਾਈ ਦਲ ਸਿੰਘ ਵਾਲਾ ਆਗੂ ਜੋਗਿੰਦਰ ਸਿੰਘ ਕੋਟਕਪੂਰਾ, ਕਾਸਿਮ ਭੱਟੀ ਦੇ ਇਕਾਈ ਪ੍ਰਧਾਨ ਰਾਜ ਸਿੰਘ ਕਾਸਿਮ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਲ ਜੰਗਲ ਜ਼ਮੀਨ ਅਤੇ ਹੋਰ ਕੁਦਰਤੀ ਸੋਮਿਆਂ ਨੂੰ ਕਿਸਾਨਾਂ ਤੋਂ ਖੋਹ ਕੇ ਕੌਡੀਆਂ ਦੇ ਭਾਅ ਪਰੋਸ ਕੇ ਦੇ ਰਹੀ ਹੈ ਅਤੇ ਦੇਸ਼ ਦੇ ਲੋਕ ਹਾਕਮਾਂ ਦੀਆਂ ਇਹਨਾਂ ਨੀਤੀਆਂ ਨੂੰ ਸਫਲ ਨਹੀਂ ਹੋਣ ਦੇਣਗੇ।
ਬਰਨਾਲਾ (ਪਰਸ਼ੋਤਮ ਬੱਲੀ): ਕਿਸਾਨ ਮਜ਼ਦੂਰ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਸੂਬਾਈ ਸੱਦੇ ’ਤੇ ਅੱਜ ਡੀ ਸੀ ਬਰਨਾਲਾ ਦਫ਼ਤਰ ਅੱਗੇ ਮੋਰਚਾ ਆਰੰਭ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੱਦੋਵਾਲ, ਮਹਿਲਾ ਵਿੰਗ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ, ਮਹਿਲ ਕਲਾਂ ਬਲਾਕ ਪ੍ਰਧਾਨ ਰਾਮ ਸਿੰਘ ਸੰਘੇੜਾ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਅਤੇ ਖੇਤੀ ਸੰਕਟ ਤੋਂ ਛੁਟਕਾਰੇ ਲਈ ਪਿਛਲੇ ਲੰਮੇ ਸਮੇਂ ਤੋਂ ਧਰਨੇ, ਰੈਲੀਆਂ ਰਾਹੀਂ ਅਤੇ ਦਰਜਨਾਂ ਵਾਰ ਮੰਗ ਪੱਤਰ ਭੇਜ ਕੇ ਸਰਕਾਰਾਂ ਨੂੰ ਅਪੀਲਾਂ ਕਰ ਚੁੱਕੇ ਹਨ ਪਰ ਸਰਕਾਰਾਂ ਨੇ ਮਸਲਿਆਂ ’ਤੇ ਕੋਈ ਤਵੱਜੋਂ ਨਹੀਂ ਦਿੱਤੀ। ਇਸ ਮੌਕੇ ਬਿੰਦਰਪਾਲ ਕੌਰ ਭਦੌੜ, ਅਮਰਜੀਤ ਕੌਰ ਬਡਬਰ, ਰਾਜਵਿੰਦਰ ਕੌਰ ਕਾਲੇਕੇ, ਕੁਲਜੀਤ ਸਿੰਘ ਵਜੀਦਕੇ, ਨਾਜ਼ਰ ਸਿੰਘ ਠੁੱਲੀਵਾਲ, ਮਲਕੀਤ ਸਿੰਘ ਹੇੜੀਕੇ , ਦਰਸ਼ਨ ਸਿੰਘ ਚੀਮਾ, ਨਰਿੱਪਜੀਤ ਸਿੰਘ ਬਡਬਰ ਆਦਿ ਆਗੂਆਂ ਵੀ ਨੇ ਸੰਬੋਧਨ ਕੀਤਾ।

