ਸਹਿਕਾਰੀ ਬੈਂਕਾਂ ਤੋਂ ਢੁੱਕਵਾਂ ਕਰਜ਼ਾ ਨਾ ਮਿਲਣ ’ਤੇ ਕਿਸਾਨ ਔਖੇ
ਡੀ ਸੀ ਦਫ਼ਤਰ ਅੱਗੇ ਧਰਨਾ; ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਦੀਆਂ ਬਣੀਆਂ ਲਿਮਟਾਂ ਭਰਨ ਤੋਂ ਬਾਅਦ ਦੁਬਾਰਾ ਉਸ ਦੀ ਬਣਦੀ ਰਾਸ਼ੀ ਕਿਸਾਨਾਂ ਨੂੰ ਨਾ ਦੇਣ ਦੀ ਸਹਿਕਾਰੀ ਬੈਂਕਾਂ ਵੱਲੋਂ ਅਪਣਾਈ ਨੀਤੀ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਾਨਸਾ ਦੇ ਡੀ ਸੀ ਦਫ਼ਤਰ ਨੇੜੇ ਧਰਨਾ ਲਾ ਕੇ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਹੜੇ ਕਿਸਾਨ ਸਹਿਕਾਰੀ ਸੁਸਾਇਟੀਆਂ ਤੋਂ ਆਪਣੀਆਂ ਲਿਮਟਾਂ ਬਣਵਾ ਕੇ ਨਕਦ ਖਾਦਾਂ ਵਗੈਰਾ ਲੈਂਦੇ ਸਨ, ਉਨ੍ਹਾਂ ਦੇ ਹੱਦ ਕਰਜ਼ਿਆਂ ਵਿੱਚ ਪੰਜਾਬ ਸਰਕਾਰ ਨੇ ਵਾਧਾ ਕਰ ਦਿੱਤਾ ਸੀ, ਜੋ ਕਿ ਕੁੱਲ 25 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 39 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ, ਜਿਸ ਨੂੰ ਸਬੰਧਤ ਬੈਂਕਾਂ ਦੇ ਅਧਿਕਾਰੀ ਲਾਗੂ ਕਰਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਵੇਚਣ ਤੋਂ ਬਾਅਦ ਕਿਸਾਨ ਸੁਸਾਇਟੀਆਂ ਤੋਂ ਲਿਆ ਕਰਜਾ ਵਾਪਸ ਮੋੜ ਕੇ ਦੁਬਾਰਾ ਚੁੱਕਣ ਲਈ ਬੈਂਕਾਂ ਦੇ ਚੱਕਰ ਲਗਾ ਰਹੇ ਹਨ, ਪਰ ਸਹਿਕਾਰੀ ਬੈਂਕਾਂ ਦੇ ਮੈਨੇਜਰਾਂ ਵੱਲੋਂ ਇਹ ਕਹਿ ਕੇ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਬੈਂਕ ਕੋਲ ਦੇਣ ਲਈ ਬਣਦੀ ਰਕਮ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਬਣਦੀ ਪੇਮੈਂਟ ਨਾ ਕੀਤੀ ਤਾਂ ਸਬੰਧਤ ਬੈਂਕਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਦੀ ਹਮਾਇਤ ਵਿੱਚ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਅਲੀਸ਼ੇਰ ਨੇ ਸਾਥੀਆਂ ਸਣੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਕੁਲਦੀਪ ਸਿੰਘ ਚਚੋਹਰ, ਕਾਲਾ ਸਿੰਘ ਮੰਡੇਰ, ਬਿੰਦਰ ਸਿੰਘ ਝੰਡਾ ਕਲਾਂ ਨੇ ਵੀ ਸੰਬੋਧਨ ਕੀਤਾ।
ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ): ਵੱਖ-ਵੱਖ ਕਿਸਾਨ ਆਗੂਆਂ ਦੀ ਵਿਸ਼ੇਸ਼ ਮੀਟਿੰਗ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਬੀ ਕੇ ਯੂ ਕਾਦੀਆਂ ਪੰਜਾਬ ਦੀ ਅਗਵਾਈ ਵਿੱਚ ਪਿੰਡ ਮੀਹਾਂ ਸਿੰਘ ਵਾਲਾ ਵਿੱਚ ਹੋਈ। ਕਿਸਾਨ ਆਗੂਆਂ ਨੇ ਸਹਿਕਾਰੀ ਬੈਂਕਾਂ ਵੱਲੋਂ ਲੈਣ-ਦੇਣ ਬੰਦ ਕਰਨ ਦੀ ਨਿਖੇਧੀ ਕੀਤੀ।
ਇਸ ਮੌਕੇ ਬੀ ਕੇ ਯੂ ਕਾਦੀਆਂ ਦੇ ਸਰਪ੍ਰਸਤ ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ, ਹਰਬੰਸ ਸਿੰਘ, ਜਲੌਰ ਸਿੰਘ ਅਤੇ ਗੁਰਜੰਟ ਸਿੰਘ ਹਾਜ਼ਰ ਸਨ।
ਡੀ ਸੀ ਦਫ਼ਤਰ ਬਠਿੰਡਾ ਅੱਗੇ ਧਰਨਾ ਦੇਣ ਦਾ ਐਲਾਨ
ਰਾਮਪੁਰਾ ਫੂਲ (ਰਮਨਦੀਪ ਸਿੰਘ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਫੂਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਚ ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਢੋਪਾਲੀ ਨੇ ਕਿਹਾ ਕਿ ਪਾਣੀਆਂ ਸਬੰਧੀ ਪੰਜਾਬ ਨਾਲ ਹੋਏ ਗੈਰ-ਸੰਵਿਧਾਨਕ ਤੇ ਪੱਖਪਾਤੀ ਸਮਝੌਤੇ ਰੱਦ ਕੀਤੇ ਜਾਣ, ਸੰਸਾਰ ਬੈਂਕ ਦੀ ਯੋਜਨਾ ਅਨੁਸਾਰ ਪਾਣੀ ਉੱਤੇ ਕਾਰਪੋਰੇਟ ਕੰਟਰੋਲ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਦਰਿਆਵਾਂ, ਨਹਿਰਾਂ ਡਰੇਨਾਂ ’ਚ ਉਦਯੋਗਿਕ ਅਤੇ ਸੀਵਰੇਜ ਦੇ ਪੈਂਦੇ ਦੂਸ਼ਿਤ ਪਾਣੀ ਨੂੰ ਬੰਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਦੇ ਨਵੇਂ ਹੱਦ ਕਰਜ਼ੇ ਨਾ ਬਣਾਏ ਜਾਣ ਕਾਰਨ, ਗੜੇਮਾਰੀ ਦਾ ਮੁਆਵਜ਼ਾ ਨਾ ਦਿੱਤੇ ਜਾਣ ਕਾਰਨ ਡੀ ਸੀ ਦਫ਼ਤਰ ਬਠਿੰਡਾ ਦਾ 8 ਮਈ ਨੂੰ ਘਿਰਾਓ ਦਾ ਐਲਾਨ ਕੀਤਾ। ਇਸ ਮੌਕੇ ਸਰਵਨ ਸਿੰਘ ਭਾਈਰੂਪਾ ਸਹਾਇਕ ਜਨਰਲ ਸਕੱਤਰ, ਗਿਆਨੀ ਸੁਖਵਿੰਦਰ ਸਿੰਘ ਭਾਈਰੂਪਾ, ਬਿੱਕਰ ਸਿੰਘ ਘੰਡਾਬੰਨਾ ਬਲਾਕ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਸਨ।

