ਕਿਸਾਨਾਂ ਨੇ ਮੋਦੀ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ

ਖੇਤੀ ਕਾਨੂੰਨਾਂ ਦਾ ਵਿਰੋੋਧ

ਕਿਸਾਨਾਂ ਨੇ ਮੋਦੀ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ

ਭੁੱਚੋ ਮੰਡੀ ਵਿੱਚ ਭਾਜਪਾ ਆਗੂ ਦੇ ਘਰ ਅੱਗੇ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲਿਆਂ ’ਤੇ ਕੀਰਨੇ ਪਾਉਂਦੀਆਂ ਹੋਈਆਂ ਬੀਬੀਆਂ ਤੇ ਹਾਜ਼ਰ ਕਿਸਾਨ। -ਫੋਟੋ: ਪਵਨ ਗੋਇਲ

ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਕਤੂਬਰ

ਕੇਂਦਰ ਸਰਕਾਰ ਵੱਲੋਂ 14 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬੁਲਾ ਕੇ ਕੀਤੇ ਮਾੜੇ ਰਵੱਈਏ ਖ਼ਿਲਾਫ਼ ਕਿਸਾਨਾਂ ਵੱਲੋਂ ਇੱਥੇ ਰੇਲ ਜਾਮ ਦੇ 17ਵੇਂ ਦਿਨ ਰੇਲਵੇ ਸਟੇਸ਼ਨ ਤੋਂ ਬਾਰ੍ਹਾਂ ਹੱਟਾਂ ਚੌਕ ਤਕ ਮੁਜ਼ਾਹਰਾ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਰਥੀ ਸਾੜੀ ਗਈ। ਦਿੱਲੀ ਮੀਟਿੰਗ ਵਿਚ ਸ਼ਾਮਲ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਬੀ.ਕੇ.ਯੂ. ਬੋਘ ਸਿੰਘ ਮਾਨਸਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰਟੀ ਤੋਂ ਇਹ ਦੇਸ਼ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਜਾਂ ਪਾਰਟੀ ਤੋਂ ਅਸਤੀਫ਼ੇ ਦੇਣ। ਮੋਦੀ ਅਤੇ ਅਮਿਤ ਸ਼ਾਹ ਦੀ ਅਰਥੀ ਨੂੰ ਧਰਨੇ ‘ਚ ਸ਼ਾਮਲ ਕਿਸਾਨ ਔਰਤਾਂ ਨੇ ਮੋਢਾ ਦਿੱਤਾ

ਭੁੱਚੋ ਮੰਡੀ (ਪਵਨ ਗੋਇਲ): ਦਿੱਲੀ  ਮੀਟਿੰਗ ਜ਼ਰੀਏ ਕਿਸਾਨ ਆਗੂਆਂ ਦੀ ਕੀਤੀ ਤੌਹੀਨ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ  ਯੂਨੀਅਨ ਏਕਤਾ (ਉਗਰਾਹਾਂ) ਨੇ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ,  ਬੈਸਟ ਪ੍ਰਾਈਸ ਮਾਲ ਅਤੇ ਐਸਆਰ ਪੈਟਰੋਲ ਪੰਪ ਅੱਗੇ ਚੱਲ ਰਹੇ ਮੋਰਚਿਆਂ ਵਿਚ ਮੋਦੀ ਸਰਕਾਰ  ਦੇ ਪੁਤਲੇ ਫੂਕੇ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ  ਸ਼ਿੰਗਾਰਾ ਸਿੰਘ ਮਾਨ, ਪਰਮਜੀਤ ਕੌਰ ਪਿੱਥੋ, ਦਰਸ਼ਨ ਮਾਈਸਰਖਾਨਾ, ਹਰਵਿੰਦਰ ਬੱਘੀ ਅਤੇ  ਰਾਜਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ 19 ਅਕਤੂਬਰ ਦੇ ਵਿਸ਼ੇਸ਼ ਇਜਲਾਸ ਵਿੱਚ ਕੇਂਦਰੀ ਖੇਤੀ ਕਾਨੂੰਨ  ਰੱਦ ਕਰਨ ਦੀ ਮੰਗ ਕੀਤੀ। 

ਰਿਲਾਇੰਸ ਪੰਪ ਅੱਗੇ ਮੋਰਚਾ ਲਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਮੋਟਰਸਾਈਕਲ ਅਤੇ ਟਰੈਕਟਰ ਟਰਾਲੀਆਂ ਦੇ ਵੱਡੇ ਕਾਫ਼ਲੇ ਨਾਲ ਭੁੱਚੋ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਭਾਜਪਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੇ ਘਰ ਅੱਗੇ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ। ਔਰਤਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਪਿੰਡ ਲਹਿਰਾ ਮੁਹੱਬਤ ਵਿਚ ਇਨਕਲਾਬੀ ਕੇਂਦਰ ਪੰਜਾਬ ਅਤੇ ਕਿਸਾਨ ਜਥੇਬੰਦੀਆਂ ਨੇ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ।

ਫਾਜ਼ਿਲਕਾ (ਪਰਮਜੀਤ ਸਿੰਘ):  ਫ਼ਾਜ਼ਿਲਕਾ ਵਿਚ ਪਿਛਲੇ 17 ਦਿਨਾਂ ਤੋਂ ਰੇਲ ਟਰੈਕ ’ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਸ ਦੇ ਕਾਰਪੋਰੇਟ ਭਾਈਵਾਲ ਮੁਕੇਸ਼ ਅੰਬਾਨੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ। ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਮਰੇਡ ਸੁਰਿੰਦਰ ਢੰਡੀਆਂ, ਮਾਸਟਰ ਬੂਟਾ ਸਿੰਘ, ਰੇਸ਼ਮ ਮਿੱਡਾ, ਪਰਗਟ ਸਿੰਘ ਹਾਜ਼ਰ ਸਨ।  

ਫ਼ਰੀਦਕੋਟ (ਜਸਵੰਤ ਜੱਸ): ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਭਾਈ ਘਨ੍ਹੱਈਆ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਲਾਲ ਸਿੰਘ ਗੋਲੇਵਾਲਾ, ਮਾਸਟਰ ਸੂਰਜ ਭਾਨ ਨੇ ਕਿਹਾ ਕਿ ਕਿਸਾਨ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। 

ਬਠਿੰਡਾ (ਮਨੋਜ ਸ਼ਰਮਾ): ਮੋਦੀ ਦੀ ਅਰਥੀ ਸਾੜਨ ਤੋਂ ਬਾਅਦ ਪਿੰਡ ਦਾਨ ਸਿੰਘ ਵਾਲਾ ਵਿਚ ਕਿਸਾਨਾਂ ਦੇ ਇਕੱਠੇ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਸੂਬਾ ਵਰਕਿੰਗ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਦੇ ਮੰਤਰੀਆਂ ਤੇ ਵੱਡੇ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ।

ਬਰਨਾਲਾ (ਪਰਸ਼ੋਤਮ ਬੱਲੀ): ਰੇਲਵੇ ਸਟੇਸ਼ਨ ਬਰਨਾਲਾ ‘ਤੇ ਮੋਰਚੇ ‘ਚ ਅੱਜ 17ਵੇਂ ਦਿਨ ਸੂਬੇ ਦੇ ਬਾਹਰੋਂ ਝੋਨੇ ਦੇ ਭਰੇ ਟਰੱਕ ਸਥਾਨਕ ਸ਼ੈਲਰਾਂ ਵਿੱਚ ਉਤਾਰਨ ਵਾਲੇ ਟਰੱਕਾਂ ਦੇ ਨਾਲ-ਨਾਲ ਸ਼ੈਲਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ਮੋਰਚੇ ਤੋਂ ਡੀ.ਸੀ. ਦਫ਼ਤਰ ਤਕ ਪੁੱਜ ਕੇ ਪ੍ਰਧਾਨ ਮੰਤਰੀ ਮੋਦੀ ਤੇ ਅੰਬਾਨੀ, ਅਡਾਨੀਆਂ ਦੇ ਪੁਤਲੇ ਵੀ ਸਾੜੇ ਗਏ। ਔਰਤਾਂ ਨੇ ਮੋਦੀ ਦੇ ਕੀਰਨੇ ਪਾ ਕੇ ਗੁੱਸਾ ਜ਼ਾਹਿਰ ਕੀਤਾ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਰੇਲ ਰੋਕੋ ਅੰਦੋਲਨ ਤਹਿਤ ਸਥਾਨਕ ਰੇਲਵੇ ਸਟੇਸ਼ਨ ਉੱਤੇ 17ਵੇਂ ਦਿਨ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਮੋਦੀ ਦੀ ਅਰਥੀ ਨੂੰ ਰੇਲਵੇ ਲਾਈਨ ਉੱਤੇ ਲੰਮੇ ਪਾ ਕੇ ਅਰਥੀ ਉੱਤੇ ਅੰਤਿਮ ਰਸਮਾਂ ਵਜੋਂ ਟੁੱਟੇ ਛਿੱਤਰ ਹਿੱਕ ਉੱਤੇ ਰੱਖੇ। ਅਡਾਨੀ ਅਨਾਜ ਭੰਡਾਰ ਅਤੇ ਭਾਜਪਾ ਆਗੂ ਤਰਲੋਚਨ ਸਿੰਘ ਦੇ ਘਰ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਸੰਘਰਸ਼ ਕਮੇਟੀ ਵੱਲੋਂ 21 ਤਕ ਰੇਲ ਰੋਕੋ ਅੰਦੋਲਨ ਜਾਰੀ ਰੱਖਣ ਦਾ ਐਲਾਨ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਥਾਨਕ ਇਕਾਈ ਵੱਲੋਂ ਇੱਥੇ ਰੇਲਵੇ ਟਰੈਕ ’ਤੇ ਲਾਏ ਪੱਕੇ ਮੋਰਚੇ ਦੇ 24ਵੇਂ ਦਿਨ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਰੇਲ ਰੋਕੋ ਅੰਦੋਲਨ 21 ਅਕਤੂਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾ ਰਹੇ ਘਿਰਾਉ ਦੀ ਹਮਾਇਤ ਕੀਤੀ।

ਯੋਗਰਾਜ ਸਿੰਘ ਤੇ ਗੁਰਵਿੰਦਰ ਬਰਾੜ ਧਰਨੇ ’ਚ ਪੁੱਜੇ

ਰਾਮਾਂ ਮੰਡੀ (ਹੁਸ਼ਿਆਰ ਸਿੰਘ ਘਟੌੜਾ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਕਣਕਵਾਲ ਵਿਚ ਰੇਲਵੇ ਲਾਈਨਾਂ ‘ਤੇ ਲਾਏ ਧਰਨੇ ਦੌਰਾਨ ਅੱਜ ਪੰਜਾਬੀ ਫਿਲਮੀ ਅਦਾਕਾਰ ਯੋਗਰਾਜ ਸਿੰਘ ਅਤੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਵੀ ਪੁੱਜੇ। ਜੋਧਾ ਸਿੰਘ ਨੰਗਲਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਗੁਰਵਿੰਦਰ ਬਰਾੜ ਤੇ ਯੋਗਰਾਜ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਅਤੇ ਆਪਣੀ ਸਿਆਸੀ ਪਾਰਟੀ ਬਣਾ ਕੇ ਕੇਂਦਰ ਅਤੇ ਸੂਬਿਆਂ ਵਿਚ ਆਪਣੀ ਸਰਕਾਰ ਬਣਾਉਣ।

ਖੇਤੀ ਬਿੱਲਾਂ ਸਬੰਧੀ ਅਕਾਲੀ ਦਲ ਹਰ ਕੁਰਬਾਨੀ ਲਈ ਤਿਆਰ: ਮਲੂਕਾ

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਸਾਬਕਾ ਅਕਾਲੀ ਮੰਤਰੀ ਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਪਿੰਡ ਮਲੂਕਾ ਵਿਚ ਯੂਥ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੇ 100 ਸਾਲਾਂ ਦੇ ਇਤਿਹਾਸ ਦੌਰਾਨ ਹਮੇਸ਼ਾ ਕਿਸਾਨੀ ਹਿੱਤਾਂ ਵਾਸਤੇ ਅੱਗੇ ਹੋ ਕੇ ਸੰਘਰਸ਼ ਕੀਤਾ ਹੈ ਅਤੇ ਮੌਜੂਦਾ ਦੌਰ ਵਿਚ ਵੀ ਅਕਾਲੀ ਦਲ ਕਿਸੇ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਅਦਮੀ ਪਾਰਟੀ ਸਿਰਫ਼ ਬਿਆਨਬਾਜ਼ੀ ਤਕ ਸੀਮਿਤ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All