Farmers Block Bhakra Canal Bridge: ਕਿਸਾਨਾਂ ਨੇ ਭਾਖੜਾ ਨਹਿਰ ਦੇ ਪੁਲ ’ਤੇ ਜਾਮ ਲਾਇਆ
ਡੀ ਐੱਸ ਪੀ ਨੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ; ਐੱਸ ਐੱਸ ਪੀ ਨਾਲ ਮੀਟਿੰਗ ਅੱਜ
ਕਿਸਾਨਾਂ ਨੂੰ ਇਨਸਾਫ਼ ਨਾ ਮਿਲਣ ਤੋਂ ਅੱਕੀਆਂ ਜਥੇਬੰਦੀਆਂ ਨੇ ਭਾਖੜਾ ਨਹਿਰ ਦਾ ਪੁਲ ਜਾਮ ਕਰ ਦਿੱਤਾ। ਪੁਲ ’ਤੇ ਧਰਨਾ ਲੱਗਣ ਕਾਰਨ ਪੰਜਾਬ ਅਤੇ ਹਰਿਆਣਾ ਨੂੰ ਆਪਸ ’ਚ ਜੋੜਨ ਵਾਲੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਸੈਂਕੜੇ ਵਾਹਨ ਫਸੇ ਗਏ। ਇਸ ਜਾਮ ਕਾਰਨ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਥਾਣਾ ਝੁਨੀਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਕਿਸਾਨ ਨੇਤਾਵਾਂ ਨੇ ਕੋਈ ਗੱਲ ਨਾ ਸੁਣੀ ਸਗੋਂ ਪੁਲੀਸ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੁੰਦੀ ਰਹੀ। ਇਹ ਧਰਨਾ ਮਾਲਵਾ-ਹੀਰਕੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਅਗਵਾਈ ਹੇਠ ਲੱਗਿਆ ਅਤੇ ਇਸ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਵੱਲੋਂ ਹਮਾਇਤ ਦਿੱਤੀ ਗਈ ਸੀ। ਲੰਮੇ ਸਮੇਂ ਬਾਅਦ ਡੀ ਐੱਸ ਪੀ ਵੱਲੋਂ ਧਰਨਾਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਭਲਕੇ ਮੰਗਲਵਾਰ ਨੂੰ ਐੱਸ ਐੱਸ ਪੀ ਮਾਨਸਾ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹਣ ਦਾ ਐਲਾਨ ਕੀਤਾ। ਧਰਨੇ ’ਚ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੱਸਿਆ ਕਿ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਪਿੰਡ ਹੀਰਕੇ ਵਿੱਚ ਕਿਸਾਨ ਕਸ਼ਮੀਰ ਸਿੰਘ ਅਤੇ ਉਸਦੇ ਪਰਿਵਾਰ ਉਪਰ ਪੁਲੀਸ ਨੇ ਪੰਚਾਇਤੀ ਜ਼ਮੀਨ ਵਾਹੁਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਕੇਸ ਆਮ ਆਦਮੀ ਪਾਰਟੀ ਦੇ ਰਾਜਨੀਤਕ ਦਬਾਅ ਹੇਠ ਦਰਜ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਪੁਲੀਸ ਕੋਲ ਅਪੀਲ-ਦਲੀਲ ਕਰਦਿਆਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਸਰਕਾਰੀ ਤੌਰ ’ਤੇ ਮਿਣਤੀ ਕਰਵਾਈ ਜਾਵੇ ਅਤੇ ਜੇਕਰ ਵਾਹੀ ਗਈ ਜ਼ਮੀਨ ਪੰਚਾਇਤ ਦੀ ਬਣਦੀ ਹੈ ਤਾਂ ਬੇਸ਼ੱਕ ਕਿਸਾਨ ਉਪਰ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 11 ਦਿਨਾਂ ਤੋਂ ਥਾਣਾ ਝੁਨੀਰ ਅੱਗੇ ਪੱਕਾ ਮੋਰਚਾ ਲਾਏ ਬੈਠੇ ਸਨ, ਪ੍ਰੰਤੂ ਜਦੋਂ ਪੁਲੀਸ ਵੱਲੋਂ ਕਿਸਾਨਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਮਜਬੂਰਨ ਭਾਖੜਾ ਨਹਿਰ ਦੇ ਪੁਲ ’ਤੇ ਧਰਨਾ ਲਾਉਣਾ ਪਿਆ। ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ, ਮਲਕੀਤ ਸਿੰਘ ਅਤੇ ਤਰਸੇਮ ਸਿੰਘ ਨੇ ਵੀ ਸੰਬੋਧਨ ਕੀਤਾ।

