ਕਣਕ ਦਾ ਝਾੜ ਵਧੀਆ ਨਿਕਲਣ ਸਦਕਾ ਕਿਸਾਨ ਬਾਗ਼ੋ-ਬਾਗ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਪਰੈਲ
ਹਾੜ੍ਹੀ ਦੇ ਸੀਜ਼ਨ ਦੀ ਮੁੱਖ ਫ਼ਸਲ ਕਣਕ ਦਾ ਝਾੜ ਇਸ ਵਾਰ ਵਧੀਆ ਨਿਕਲਣ ਨਾਲ ਸੂਬੇ ਦੇ ਕਿਸਾਨ ਬਾਗੋ-ਬਾਗ ਹਨ। ਇਸ ਸੀਜ਼ਨ ਦੌਰਾਨ ਪਿਛਲੇ ਸਾਲ ਨਾਲੋਂ ਕਣਕ ਦਾ ਝਾੜ ਤਕਰੀਬਨ 10 ਕੁਇੰੰਟਲ ਪ੍ਰਤੀ ਹੈਕਟੇਅਰ ਯਾਨੀ ਪ੍ਰਤੀ ਏਕੜ ਪਿਛਲੇ ਸਾਲ ਨਾਲੋਂ 10 ਮਣ ਵੱਧ ਨਿਕਲ ਰਿਹਾ ਹੈ। ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਕੁੱਲ 109 ਮੰਡੀਆਂ ਵਿੱਚ ਅੰਦਾਜ਼ਨ 735000 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸਟੇਟ ਐਵਾਰਡੀ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਇਸ ਵਾਰ ਗਰਮ ਮੌਸਮ’ਚ ਖੇਤ’ਚ ਵਾਹੀ ਝੋਨੇ ਦੀ ਪਰਾਲੀ ਨੇ ਜਮੀਨ ਨੂੰ ਠੰਢਕ ਪਹੁੰਚਾਉਣ ਨਾਲ ਉਤਪਾਦਨ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਵਧਾਈ ਦਿੰਦੇ ਕਿਹਾ ਕਿ ਮਿਆਰੀ ਬੀਜ, ਖਾਦਾਂ ਤੇ ਨਦੀਨਨਾਸ਼ਕ ਤੇ ਕੀੜੇਮਾਰ ਜ਼ਹਿਰਾਂ ਦੀ ਸਪਲਾਈ ਹੋਣ ਕਰਕੇ ਚੰਗੇ ਝਾੜ ਦਾ ਸਿਹਰਾ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਜਸਵੰਤ ਸਿੰਘ ਅਤੇ ਸਮੂਚੇ ਖੇਤੀਬਾੜੀ ਮਹਿਕਮੇ ਨੂੰ ਵੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜਮੀਨ ਵਿੱਚ ਵਾਹੁਣ ਕਾਰਨ ਅਤੇ ਰਾਤਾਂ ਨੂੰ ਠੰਢ ਤੇ ਦਿਨ ਵੇਲੇ ਚੰਗੀ ਰੋਸਨੀ ਕਰਕੇ ਕਣਕ ਦਾ ਝਾੜ ਵਧਿਆ ਹੈ। ਭਾਵੇਂ ਕਿ ਪਿਛਲੇ ਸਮੇਂ ’ਚ ਕਈ ਥਾਵਾਂ ’ਤੇ ਪਈ ਭਾਰੀ ਬਰਸਾਤ ਤੇ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ ਪਰ ਕਣਕ ਦੇ ਵਧੇ ਝਾੜ ਨਾਲ ਕਿਸਾਨਾਂ ਨੂੰ ਆਰਥਿਕ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਜਮੀਨ ਵਿੱਚ ਵਾਹੁਣ ਨਾਲ ਜ਼ਮੀਨ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।