ਜੋਗਿੰਦਰ ਸਿੰਘ ਮਾਨ
ਮਾਨਸਾ, 18 ਜਨਵਰੀ
ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿੱਚ ਲਗਾਤਾਰ ਕਈ ਦਿਨਾਂ ਤੋਂ ਨਰਮੇ ਨੂੰ ਘੱਟ ਭਾਅ ’ਤੇ ਖਰੀਦੇ ਜਾਣ ਦੇ ਵਿਰੋਧ ਵਿੱਚ ਭੜਕੇ ਕਿਸਾਨਾਂ ਨੇ ਮਾਨਸਾ ਦੇ ਓਵਰਬ੍ਰਿਜ ਉਪਰ ਪ੍ਰਸ਼ਾਸਨ ਵਿਰੁੱਧ ਧਰਨਾ ਲਾ ਦਿੱਤਾ। ਇਸ ’ਤੇ ਪੁਲੀਸ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਧਰਨਾਕਾਰੀਆਂ ਨੂੰ ਪਲੋਸਣ ਲਈ ਆਏ ਭਾਰਤੀ ਕਪਾਹ ਨਿਗਮ ਦੇ ਅਧਿਕਾਰੀ ਨੂੰ ਜਦੋਂ ਕਿਸਾਨਾਂ ਦੇ ਇਕੱਠ ਨੇ ਬੰਦੀ ਬਣਾ ਲਿਆ ਤਾਂ ਪੁਲੀਸ ਦੇ ਨਾਲ-ਨਾਲ ਸਿਵਲ ਅਫ਼ਸਰਾਂ ਅਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਲਈ ਵੱਡੀ ਸਿਰਦਰਦੀ ਖੜ੍ਹੀ ਹੋ ਗਈ ਅਤੇ ਉਹ ਸਾਰੇ ਕਿਸਾਨਾਂ ਨਾਲ ਸਮਝੌਤਾ ਕਰਨ ਲਈ ਰਾਜ਼ੀ ਹੋ ਗਏ। ਘੱਟ ਭਾਅ ਤੋਂ ਭੜਕੇ ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਕੀਤੀ ਗਈ।
ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦੇ ਝੰਬੇ ਕਿਸਾਨਾਂ ਨੂੰ ਲਗਾਤਾਰ ਮਨ-ਮਰਜ਼ੀ ਦੇ ਭਾਅ ਨਾਲ ਲੁੱਟਿਆ ਜਾ ਰਿਹਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਮੰਡੀ ਦੇ ਹੀ ਕੁਝ ਸੇਠ ਜਿਨ੍ਹਾਂ ਨੂੰ ਆੜ੍ਹਤੀਆਂ ਦੀ ਸ਼ਹਿ ਹੈ, ਕਿਸਾਨ ਤੋਂ ਅੱਧੇ ਮੁੱਲ ਵਿੱਚ ਚਿੱਟਾ ਸੋਨਾ ਖਰੀਦ ਲੈਂਦੇ ਹਨ ਅਤੇ ਮਗਰੋਂ ਮੁਨਾਫ਼ੇ ਲਈ ਦੁੱਗਣੀ ਕੀਮਤ ’ਤੇ ਵੇਚ ਕੇ ਖੂਬ ਹੱਥ ਰੰਗ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿਰਸਾ, ਫਤਿਆਬਾਦ, ਆਦਮਪੁਰ ਦੀਆਂ ਮੰਡੀਆਂ ਵਿੱਚ ਨਰਮਾ 9000 ਰੁਪਏ ਤੋਂ ਵੱਧ ਖਰੀਦਿਆ ਜਾ ਰਿਹਾ ਹੈ, ਉਹ ਵੀ ਸਾਡੇ ਦੇਸ਼ ਦੇ ਸ਼ਹਿਰ ਹਨ। ਉਨ੍ਹਾਂ ਸੀਸੀਆਈ ਅਧਿਕਾਰੀਆਂ ’ਤੇ ਵੀ ਮਿਲੀਭੁਗਤ ਦੇ ਦੋਸ਼ ਲਾਏ। ਧਰਨਾਕਾਰੀਆਂ ਨੇ ਸਕੱਤਰ ਮਾਰਕੀਟ ਕਮੇਟੀ ਮਾਨਸਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇੱਕ ਹੀ ਮੰਡੀ ਵਿੱਚ ਦੋ ਖਰੀਦਾਂ ਬੰਦ ਕਰਕੇ ਇੱਕ ਖਰੀਦ ਸ਼ੁਰੂ ਕਰਵਾਈ ਜਾਵੇ। ਕਿਸਾਨ ਆਗੂਆਂ ਨੇ ਕਿਹਾ ਜੇ ਅੱਗੇ ਤੋਂ ਅਜਿਹਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸਖ਼ਤ ਫੈਸਲਾ ਲਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਲੁੱਟ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤੀ ਜਾਵੇਗੀ। ਬਾਅਦ ਵਿੱਚ ਕਿਸਾਨ ਜਥੇਬੰਦੀ ਨੂੰ ਨਾਲ ਲੈ ਕੇ ਜਦੋਂ ਸਿਵਲ ਅਧਿਕਾਰੀਆਂ ਅਤੇ ਸੀਸੀਆਈ ਦੇ ਮੁਲਾਜ਼ਮਾਂ ਨੇ ਮੁੜ ਬੋਲੀ ਸ਼ੁਰੂ ਕਰਵਾਈ ਤਾਂ ਉਹੀ ਨਰਮਾ 6000 ਤੋਂ ਲੈ ਕੇ 9200 ਰੁਪਏ ਤੱਕ ਵਿਕਣ ਲੱਗ ਪਿਆ। ਇਸ ਮੌਕੇ ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਮਲਕੀਤ ਸਿੰਘ ਕੋਟਧਰਮੂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਵੱਖਰੇ ਤੌਰ ’ਤੇ ਸੋਸ਼ਲਿਸਟ ਇੰਡੀਆ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੋਸ਼ ਲਾਇਆ ਕਿ ਮਾਨਸਾ ਦੀ ਅਨਾਜ ਮੰਡੀ ਵਿੱਚ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੁੱਟ-ਖੁੱਸਟ ਹੋ ਰਹੀ ਹੈ, ਜਿਸ ਲਈ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਗਿਆ।