ਕਿਸਾਨਾਂ ਨੇ ਟੌਲ ਪਲਾਜ਼ਿਆਂ ਤੋਂ ਵਾਹਨ ਮੁਫ਼ਤ ਲੰਘਾਏ
ਸਮਾਣਾ ਟਾਵਰ ਮੋਰਚੇ ਦੀ ਹਮਾਇਤ ’ਚ ਧਰਨੇ; ਬੇਅਦਬੀ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ
ਸਮਾਣਾ ਟਾਵਰ ਮੋਰਚੇ ਦੀ ਹਮਾਇਤ ’ਚ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਟੌਲ ਪਲਾਜ਼ਿਆਂ ’ਤੇ ਧਰਨੇ ਲਾ ਕੇ ਵਾਹਨਾਂ ਨੂੰ ਮੁਫ਼ਤ ਲੰਘਾਇਆ। ਦਿਨੇ 12 ਵਜੇ ਲੱਗਾ ਇਹ ਧਰਨਾ ਸ਼ਾਮ 4 ਵਜੇ ਚੁੱਕ ਦਿੱਤਾ ਗਿਆ।
ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ ਅਤੇ ਰੇਸ਼ਮ ਸਿੰਘ ਯਾਤਰੀ ਕਿਹਾ ਕਿ ‘ਆਪ’ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਭਾਈ ਗੁਰਦੀਪ ਸਿੰਘ ਫੌਜੀ ਪਿਛਲੇ 16 ਮਹੀਨਿਆਂ ਤੋਂ ਸਮਾਣਾ ਸਥਿਤ ਮੋਬਾਈਲ ਟਾਵਰ ’ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਲੰਘੀ 23 ਫਰਵਰੀ ਤੋਂ ਇਸੇ ਮੰਗ ਲਈ ਸਮਾਣਾ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਬੇਮਿਆਦੀ ਮੋਰਚਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸੇ ਮੋਰਚੇ ਦੀ ਹਮਾਇਤ ’ਚ ਬੀਕੇਯੂ (ਸਿੱਧੂਪੁਰ) ਵੱਲੋਂ ਸਮੁੱਚੇ ਪੰਜਾਬ ਦੇ ਟੌਲ ਪਲਾਜ਼ੇ ਫ਼ਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿਚਲੇ ਸਾਰੇ ਦੇ ਸਾਰੇ ਕਰੀਬ ਅੱਧੀ ਦਰਜਨ ਟੌਲ ਪਲਾਜ਼ੇ ਕਿਸਾਨਾਂ ਵੱਲੋਂ ਧਰਨੇ ਲਾ ਕੇ ਟੌਲ ਮੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਅਗਲੇ ਦਿਨੀਂ ਟੌਲ ਪਲਾਜ਼ੇ ਬੇਮਿਆਦੀ ਸਮੇਂ ਲਈ ਬੰਦ ਕੀਤੇ ਜਾਣਗੇ। ਜ਼ਿਲ੍ਹੇ ਦੇ ਧਰਨਿਆਂ ’ਚ ਕਿਸਾਨ ਆਗੂ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਬਲਵਿੰਦਰ ਸਿੰਘ ਜੋਧਪੁਰ, ਮਹਿਮਾ ਸਿੰਘ ਤਲਵੰਡੀ ਸਾਬੋ, ਦੀਪੂ ਸਿੰਘ ਮੰਡੀ ਕਲਾਂ, ਕੁਲਵੰਤ ਸਿੰਘ ਨੇਹੀਆਂ ਵਾਲਾ, ਜਸਵੀਰ ਸਿੰਘ ਗਹਿਰੀ, ਅੰਗਰੇਜ਼ ਸਿੰਘ ਕਲਿਆਣ, ਸੁਖਦੇਵ ਸਿੰਘ ਫੂਲ, ਗੁਰਦੀਪ ਸਿੰਘ ਮਹਿਮਾ, ਲਖਵੀਰ ਸਿੰਘ, ਖੋਖਰ ਹਰਨੇਕ ਸਿੰਘ ਲਹਿਰਾ, ਅਮਰਜੀਤ ਸਿੰਘ ਯਾਤਰੀ, ਹਰਭਗਵਾਨ ਸਿੰਘ ਮਹਿਤਾ, ਬਲਜੀਤ ਗੁਰਥੜੀ, ਜਸਵੀਰ ਨੰਦਗੜ੍ਹ ਆਦਿ ਮੌਜੂਦ ਸਨ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਸਮਾਣਾ ਵਿੱਚ ਟਾਵਰ ਮੋਰਚੇ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਬਰਨਾਲਾ-ਮੋਗਾ ਰੋਡ ’ਤੇ ਮੱਲ੍ਹੀਆਂ ਟੌਲ ਪਲਾਜ਼ਾ ਪਰਚੀ ਮੁਕਤ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਸਾਰੇ ਵਾਹਨ ਬਿਨਾਂ ਪਰਚੀ ਤੋਂ ਲੰਘਾਏ। ਕਿਸਾਨ ਆਗੂਆਂ ਗੋਰਾ ਸਿੰਘ, ਕਰਨੈਲ ਸਿੰਘ ਗਾਂਧੀ ਅਤੇ ਹਾਕਮ ਸਿੰਘ ਢਿੱਲਵਾਂ ਨੇ ਕਿਹਾ ਕਿ ਜੀ ਇਹ ਵਿਅਕਤੀ ਜੋ 11 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਟਾਵਰ ਦੇ ਸਾਹਮਣੇ ਬੈਠਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਰ-ਵਾਰ ਹੋਣ ਅਤੇ ਹੋਰ ਧਰਮਾਂ ਦੀ ਬੇਅਦਬੀ ਹੋਣ ਸੰਬੰਧੀ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਇਸ ਖਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ ਪਰ ਸਰਕਾਰ ਟਾਲ-ਮਟੋਲ ਕਰ ਰਹੀ ਹੈ। ਜਦੋਂ ਸੰਗਤ ਨੇ ਮੋਰਚੇ ਦੇ ਹੱਕ ਵਿੱਚ ਇਕੱਠ ਕੀਤਾ ਤਾਂ ਪੁਲੀਸ ਨੇ ਸਰਕਾਰ ਦੀ ਸ਼ਹਿ ’ਤੇ ਜ਼ਬਰ ਕੀਤਾ। ਹੁਣ ਇਸੇ ਵਿਰੋਧ ਵਿੱਚ ਅੱਜ ਪੰਜਾਬ ਦੇ ਵੱਡੇ ਟੌਲ ਪਲਾਜ਼ੇ ਮੁਫ਼ਤ ਕੀਤੇ ਗਏ ਹਨ।

