Faridkot land dispute: ਸਰਕਾਰੀ ਕਾਲਜ ਦੀ ਜ਼ਮੀਨ ’ਤੇ ਰਸੂਖ਼ਦਾਰਾਂ ਦੀ ਅੱਖ
ਕਾਲਜ ਦੇ ਵਿਸਥਾਰ ਲਈ ਦਾਨ ’ਚ ਮਿਲੀ ਹੈ ਜ਼ਮੀਨ; ਜ਼ਮੀਨ ਕਿਸੇ ਹੋਰ ਕਾਰਜ ਲਈ ਦੇਣ ਤੋਂ ਇਨਕਾਰ
ਫਰੀਦਕੋਟ-ਕੋਟਕਪੂਰਾ ਰੋਡ ’ਤੇ ਦੋ ਦਹਾਕੇ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਬੀ ਐੱਡ ਕਾਲਜ ਦੇ ਵਿਸਥਾਰ ਲਈ ਦਾਨ ਵਜੋਂ ਹਾਸਲ ਕੀਤੀ 11 ਏਕੜ ਜ਼ਮੀਨ ’ਤੇ ਸ਼ਹਿਰ ਦੇ ਕੁਝ ਰਸੂਖ਼ਵਾਨ ਹਾਕਮ ਧਿਰ ਦੇ ਆਗੂਆਂ ਦੀ ਨਜ਼ਰ ਹੈ। ਹਾਲ ਦੀ ਘੜੀ ਇਸ ਸਾਰੀ ਜ਼ਮੀਨ ’ਤੇ ਚਾਰਦੀਵਾਰੀ ਕਰ ਕੇ ਬੀ ਐੱਡ ਕਾਲਜ ਨੇ ਗੇਟ ਲਾਇਆ ਹੋਇਆ ਹੈ ਪਰ ਹਾਲੇ ਤੱਕ ਇੱਥੇ ਕੋਈ ਉਸਾਰੀ ਨਹੀਂ ਕੀਤੀ। ਇਸੇ ਦੌਰਾਨ ਹਾਕਮ ਧਿਰ ਦੇ ਕੁਝ ਆਗੂਆਂ ਨੇ ਇਹ ਜ਼ਮੀਨ ਹਥਿਆਉਣ ਲਈ ਅੰਦਰਖਾਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੀ ਐੱਡ ਕਾਲਜ ਨੇ ਇਹ ਜਮੀਨ ਕਿਸੇ ਵੀ ਹੋਰ ਮਕਸਦ ਲਈ ਕਿਸੇ ਵੀ ਸੰਸਥਾ ਨੂੰ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਸਿਆਸੀ ਦਬਾਅ ਮਗਰੋਂ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਕੋਲ ਇਹ ਮਾਮਲਾ ਉੱਠਿਆ ਸੀ, ਜਿਸ ਮਗਰੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੀ ਬੀ ਐੱਡ ਕਾਲਜ ਦੀ ਇਹ ਜਗ੍ਹਾ ਸਾਫ਼-ਸਫ਼ਾਈ ਲਈ ਅਤੇ ਹੋਰ ਮਕਸਦ ਲਈ ਵਰਤਣ ਵਾਸਤੇ ਮੰਗੀ ਸੀ ਪਰ ਹੁਣ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਵਾਬ ਦੇ ਦਿੱਤਾ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਪ੍ਰਧਾਨ ਹਰਵੀਰ ਕੌਰ ਗੰਧੜ ਨੇ ਕਿਹਾ ਕਿ ਕੋਟਕਪੂਰਾ ਰੋਡ ’ਤੇ ਪਈ 11 ਏਕੜ ਜ਼ਮੀਨ ’ਤੇ ਵਿਦਿਆਰਥੀਆਂ ਲਈ ਡਿਗਰੀ ਕਾਲਜ ਬਣਨਾ ਹੈ ਅਤੇ ਇਹ ਜਾਇਦਾਦ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਲਈ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਿਖਤੀ ਤੌਰ ਤੇ ਮੰਨ ਚੁੱਕਾ ਹੈ ਕਿ ਇਹ ਥਾਂ ਕਿਸੇ ਹੋਰ ਮਕਸਦ ਲਈ ਨਹੀਂ ਵਰਤੀ ਜਾ ਸਕਦੀ। ਇਸ ਕਰ ਕੇ ਸਿੱਖਿਆ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੀ ਐੱਡ ਕਾਲਜ ਦੀ ਥਾਂ ਜੇਕਰ ਕਿਸੇ ਹੋਰ ਸੰਸਥਾ ਨੂੰ ਦਿੱਤੀ ਤਾਂ ਉਹ ਇਸਦਾ ਸਖਤ ਵਿਰੋਧ ਕਰਨਗੇ। ਹਰਵੀਰ ਗੰਧੜ ਨੇ ਕਿਹਾ ਕਿ ਇਸ ਸੜਕ ’ਤੇ ਜਾਇਦਾਦਾਂ ਦੇ ਰੇਟ ਅਚਾਨਕ ਬਹੁਤ ਜ਼ਿਆਦਾ ਵਧ ਗਏ ਹਨ ਅਤੇ ਰਸੂਖਦਾਰ ਵਿਅਕਤੀ, ਵਿਦਿਆਰਥੀਆਂ ਲਈ ਰਾਖਵੀਂ ਥਾਂ ’ਤੇ ਕਲੋਨੀਆਂ ਵਗੈਰਾ ਕੱਟ ਕੇ ਕਾਲਜ ਦੀ ਜਗ੍ਹਾ ਗਲਤ ਤਰੀਕੇ ਨਾਲ ਵੇਚਣਾ ਚਾਹੁੰਦੇ ਹਨ। ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਹ ਥਾਂ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਉਹ ਇਸ ਦੀ ਸਾਫ ਸਫਾਈ ਵਗੈਰਾ ਕਰਾਉਣੀ ਚਾਹੁੰਦੇ ਹਨ। ਪ੍ਰੰਤੂ ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਹ ਥਾਂ ਕਿਸੇ ਵੀ ਹੋਰ ਵਿਭਾਗ ਨੂੰ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਜ਼ਮੀਨ ਕਿਸੇ ਹੋਰ ਮਕਸਦ ਲਈ ਨਹੀਂ ਵਰਤੀ ਜਾ ਸਕਦੀ: ਮੋਹਣ
ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਰਜੇਸ਼ ਮੋਹਣ ਨੇ ਦੱਸਿਆ ਕਿ ਬੀ ਐੱਡ ਕਾਲਜ ਦੀ ਥਾਂ ’ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਗਰੀ ਕਾਲਜ ਦੀ ਇਮਾਰਤ ਬਣਾਈ ਜਾਣੀ ਹੈ। ਇਸ ਤੋਂ ਇਲਾਵਾ ਬੀ ਐੱਡ ਤੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਲਈ ਇੱਥੇ ਖੇਡ ਗਰਾਊਂਡ ਬਣਾਏ ਜਾਣੇ ਹਨ। ਇਹ ਥਾਂ ਨੂੰ ਕਿਸੇ ਹੋਰ ਮਕਸਦ ਲਈ ਨਹੀਂ ਵਰਤੀ ਸਕਦੀ ਅਤੇ ਨਾ ਹੀ ਉਹ ਇਹ ਥਾਂ ਕਿਸੇ ਨੂੰ ਵਰਤਣ ਦੀ ਇਜਾਜ਼ਤ ਦੇ ਸਕਦੇ ਹਨ।
ਅਧਿਕਾਰੀਆਂ ਵੱਲੋਂ ਦੌਰਾ
ਬੀ ਐੱਡ ਕਾਲਜ ਦੇ ਅਧਿਕਾਰੀਆਂ ਨੇ ਅੱਜ ਬੀ ਐੱਡ ਕਾਲਜ ਦੀ ਖਾਲੀ ਪਈ ਜਗ੍ਹਾ ਦਾ ਦੌਰਾ ਕੀਤਾ ਉਨ੍ਹਾਂ ਨੇ ਦੱਸਿਆ ਕਿ ਕਾਲਜ ਇਸ ਥਾਂ ਨੂੰ ਵਿਕਸਿਤ ਕਰਕੇ ਹੱਕਦਾਰ ਵਿਦਿਆਰਥੀਆਂ ਦੇ ਹਵਾਲੇ ਕਰ ਦੇਵੇਗਾ।

