ਸਾਹਿਤਕਾਰ ਜਸਵਿੰਦਰ ਧਰਮਕੋਟ ਨਾਲ ਰੂਬਰੂ ਪ੍ਰੋਗਰਾਮ
ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵਿੱਚ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਅਗਵਾਈ ਅਤੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਅੰਗਰੇਜ਼ੀ ਦੇ ਕਹਾਣੀਕਾਰ, ਲੇਖਕ ਕਵੀ ਅਤੇ ਅਨੁਵਾਦਕ ਜਸਵਿੰਦਰ ਧਰਮਕੋਟ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਵੰਦਨਾ ਸੁਖੀਜਾ ਨੇ ਦੱਸਿਆ ਕਿ ਸੰਸਥਾ ਦੇ ਆਈ ਕਿਊ ਏ ਸੀ ਅਤੇ ਅੰਗਰੇਜ਼ੀ ਵਿਭਾਗ ਦੁਆਰਾ ਇਹ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਜਸਵਿੰਦਰ ਧਰਮਕੋਟ ਨੇ ਆਪਣੀ ਨਿੱਜੀ ਤਜਰਬਿਆਂ ਵਿੱਚੋਂ ਅੰਗਰੇਜ਼ੀ ਸਾਹਿਤ ਦੀਆਂ ਬਰੀਕੀਆਂ ਨੂੰ ਬਾਖ਼ੂਬੀ ਢੰਗ ਨਾਲ ਸਟਾਫ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਵਿਦਿਆਰਥੀਆਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਸ੍ਰੀ ਧਮਰਕੋਟ ਨੇ ਪੱਛਮੀ ਸਾਹਿਤ ਅਤੇ ਪੂਰਬੀ ਸਾਹਿਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਚਰਨਦੀਪ ਸਿੰਘ (ਪ੍ਰਿੰ. ਮਾਤਾ ਸਾਹਿਬ ਕੌਰ ਗਰਲਜ਼ ਕਾਲਜ , ਗਹਿਲ) ਨੇ ਕਿਹਾ ਕਿ ਸਾਹਿਤ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇੱਕ ਚੰਗਾ ਸਾਹਿਤਕਾਰ ਸੰਜ਼ੀਦਗੀ ਤੋਂ ਕੰਮ ਲੈਂਦਾ ਹੈ ਅਤੇ ਹਉਮੈ ਦਾ ਤਿਆਗ ਕਰਦਾ ਹੈ। ਕਾਲਜ ਪ੍ਰਿੰ. ਮਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਧਰਮਕੋਟ ਅਤੇ ਉਨ੍ਹਾਂ ਦੀ ਪਤਨੀ ਪੁਨੀਤ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਦੀ ਭੂਮਿਕਾ ਪ੍ਰੋ. ਸੁਖਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।
