ਪਰਾਲੀ ਸਾੜੇ ਬਿਨਾਂ ਕਾਸ਼ਤ ਲਈ ਪ੍ਰੇਰਿਆ
ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਗੁਰੂਹਰਸਹਾਏ ਦੇ ਪਿੰਡ ਚੱਕ ਮੋਬਿਨ ਹਰਦੋ ਢੰਡੀ (ਲਾਲਚੀਆਂ) ਅਤੇ ਚੱਕ ਕੰਧੇ ਸ਼ਾਹ ਦੇ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ ਕੰਬੋਜ, ਏ.ਐਸ.ਆਈ. ਜਰਮਨਜੀਤ ਸਿੰਘ ਅਤੇ ਨੋਡਲ ਅਫਸਰ ਪ੍ਰਤਾਪ ਸਿੰਘ ਆਿਦ ਵੀ ਮੌਜੂਦ ਸਨ।
ਇਸ ਦੌਰਾਨ ਕਿਸਾਨ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ ਦੇ 30 ਏਕੜ ਖੇਤ ਵਿੱਚ ਚੋਪਰ ਦੀ ਮਦਦ ਦੇ ਨਾਲ ਝੋਨੇ ਦੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਖਲਾਰਨ ਉਪਰੰਤ ਉਲਟਾਵੇ ਹਲਾਂ ਦੀ ਮਦਦ ਨਾਲ ਖੇਤ ਨੂੰ ਕਣਕ ਦੀ ਬਿਜਾਈ ਕਰਨ ਲਈ ਤਿਆਰ ਕੀਤਾ ਗਿਆ। ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਕਿਸਾਨ ਵੀਰਾਂ ਦੀ ਘੱਟ ਖਰਚੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਹੋਰ ਕਿਸਾਨ ਵੀਰਾਂ ਨੂੰ ਵੀ ਇਹੋ ਜਿਹੀਆਂ ਵੱਖ ਵੱਖ ਇੰਨ-ਸੀਟੂ ਮੈਨੇਜਮੈਂਟ ਵਿਧੀਆਂ ਅਪਣਾ ਕੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਕਿਸਾਨ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਚੱਕ ਕੰਧੇ ਸ਼ਾਹ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ। ਕਿਸਾਨ ਆਪਣੇ 13 ਏਕੜ ਦੇ ਖੇਤ ਵਿੱਚੋ ਝੋਨੇ ਦੀ ਪਰਾਲੀ ਦੀਆਂ ਬੇਲਰ ਦੀ ਮਦਦ ਨਾਲ ਗੱਠਾ ਬਣਾ ਕੇ ਖੇਤ ਨੂੰ ਤਿਆਰ ਕਰ ਰਹੇ ਹਨ।
