employees and pensioners strike: ਮਹਾਂ ਹੜਤਾਲ ਦੌਰਾਨ ਸਰਕਾਰੀ ਅਦਾਰੇ ਬੰਦ ਕਰ ਕੇ ਮੁਜ਼ਾਹਰੇ
ਮੁਲਾਜ਼ਮ ਤੇ ਪੈਨਸ਼ਨਰਾਂ ਵੱਲੋਂ ਖ਼ਿਲਾਫ਼ ਨਾਅਰੇਬਾਜ਼ੀ; ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ; ਦਫ਼ਤਰਾਂ ’ਚ ਸੁੰਨ ਪਸਰੀ; ਕੰਮ-ਕਾਜ ਨਾਲ ਹੋਣ ਕਾਰਨ ਲੋਕ ਪ੍ਰੇਸ਼ਾਨ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਮਾਨਸਾ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ
ਪੈਨਸ਼ਨਰਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਸਬੰਧੀ ‘ਮਹਾਂ ਬੰਦ’ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾਇਆ। ਜਥੇਬੰਦਕ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਵੱਲੋਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।
ਉਧਰ ਪਿਛਲੇ ਦੋ ਹਫ਼ਤਿਆਂ ਤੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਬਾਬੂਆਂ ਦੀ ਚੱਲ ਰਹੀ ਹੜਤਾਲ ਕਾਰਨ ਸਰਕਾਰੀ ਕੰਮ-ਕਾਜ ਠੱਪ ਹੋ ਕੇ ਰਹਿ ਗਿਆ ਹੈ। ਹੜਤਾਲ ਕਾਰਨ ਆਪਣੇ ਸਰਕਾਰੀ ਕੰਮ-ਕਾਜ ਲਈ ਦੂਰ-ਦੁਰਾਡੇ ਤੋਂ ਆਉਂਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਬਿੱਟੂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਫਰੰਟ ਦੇ ਆਗੂ ਸਿਕੰਦਰ ਸਿੰਘ ਘਰਾਂਗਣਾ, ਪ੍ਰਤਾਪ ਸਿੰਘ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਸਾਰੇ ਮੁਲਾਜ਼ਮਾਂ ਨੇ 2023 ’ਚ ਭਗਵੰਤ ਮਾਨ ਦੀ ਮਾਨਸਾ ਵਿਖੇ ਹੋਈ ਕੈਬਨਿਟ ਮੀਟਿੰਗ ਸਮੇਂ ਆਪਣੇ ਹੱਕ ਮੰਗਦੇ ਪੁਰਾਣੀ ਪੈਨਸ਼ਨ, ਠੇਕਾ ਮੁਲਾਜ਼ਮ ਅਤੇ ਬੇਰੁਜਗਾਰ ਅਧਿਆਪਕਾਂ ’ਤੇ ਪਾਏ ਗਏ ਝੂਠੇ ਪਰਚੇ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣੇ ਦੇ ਸਰਕਾਰੀ ਦਫਤਰਾਂ ਵਿੱਚ ਅੱਜ ਹੜਤਾਲ ਰਹੀ ਤੇ ਸਰਕਾਰੀ ਸਕੂਲ ਬੰਦ ਰਹੇ। ਸਾਂਝੇ ਮੁਲਾਜ਼ਮ ਫਰੰਟ ਤੇ ਆਗੂ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਬਲਾਕ ਸ਼ਹਿਣਾ ਦੇ ਸਾਰੇ ਸਰਕਾਰੀ ਅਦਾਰੇ 100 ਫੀਸਦੀ ਬੰਦ ਰਹੇ ਹਨ। ਦੂਜੇ ਪਾਸੇ ਦਫ਼ਤਰ ਬੰਦ ਹੋਣ ਨਾਲ ਕੰਮਕਾਰ ਕਰਵਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਭੁੱਚੋ ਮੰਡੀ (ਪਵਨ ਗੋਇਲ): ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਵੱਖ- ਵੱਖ ਮੁਲਾਜ਼ਮ ਜਥੇਬੰਦੀਆਂ ਨੇ ਧਰਨਾ ’ਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਭੁੱਚੋ ਮੰਡੀ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਨੇ ਪੂਰਨ ਹੜਤਾਲ ਰੱਖੀ।
ਤਪਾ ਮੰਡੀ (ਸੀ ਮਾਰਕੰਡਾ): ਮਾਰਕੀਟ ਕਮੇਟੀ ਤਪਾ ਦੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ ਸਰਕਾਰੀ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹਨ।
ਰਾਮਪੁਰਾ ਫੂਲ (ਖੇਤਰੀ ਪ੍ਰਤੀਨਿਧ): ਪੰਜਾਬ ਮਹਾਂ ਬੰਦ ਦੇ ਸੱਦੇ ਨੂੰ ਬਲਾਕ ਰਾਮਪੁਰਾ ਦੇ ਅਧਿਆਪਕਾਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਵੱਡਾ ਹੁੰਗਾਰਾ ਦਿੱਤਾ। ਇਸ ਦੌਰਾਨ ਸਾਂਝੀ ਅਗਵਾਈ ਹੇਠ ਅਧਿਆਪਕਾਂ ਨੇ ਬਿਜਲੀ ਬੋਰਡ ਦੇ ਦਫ਼ਤਰ ਰਾਮਪੁਰਾ ਵਿਖੇ ਧਰਨਾ ਦਿੱਤਾ ਤੇ ਟੀ ਪੁਆਇੰਟ ਰਾਮਪੁਰਾ ਤੱਕ ਮਾਰਚ ਕਰ ਕੇ ਸੂਬਾ ਸਰਕਾਰ ਦੇ ਪੁਤਲੇ ਵੀ ਸਾੜੇ।
ਲੰਬੀ (ਇਕਬਾਲ ਸਿੰਘ ਸ਼ਾਂਤ): ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਲੰਬੀ ਵਿੱਚ ਕੌਮੀ ਸ਼ਾਹਰਾਹ-9 ਦੇ ਪੁਲ ਹੇਠਾਂ ਧਰਨਾ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਪਾਵਰਕੌਮ ਸਬ-ਡਵੀਜ਼ਨ ਦਫ਼ਤਰ ਅੱਗੇ ਰੈਲੀ ਕੀਤੀ ਗਈ। ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨ ਦੀ ਮੰਗ ਕੀਤੀ। ਉਗਰਾਹਾਂ ਜਥੇਬੰਦੀ ਦੇ ਸੀਨੀਅਰ ਆਗੂ ਗੁਰਪਾਸ਼ ਸਿੰਘੇਵਾਲਾ ਨੇ ਸਾਥੀਆਂ ਸਣੇ ਮੁਲਾਜ਼ਮਾਂ ਦੇ ਸ਼ਾਮਲ ਹੋ ਕੇ ਸੰਘਰਸ਼ ਦੀ ਹਮਾਇਤ ਕੀਤੀ। ਡੀ ਟੀ ਐੱਫ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਲੰਬੀ ਨੇ ਕਿਹਾ ਕਿ ਸਰਕਾਰ ਦੀ ਵਾਅਦਾਖ਼ਿਲਾਫੀ ਤੋਂ ਮੁਲਾਜ਼ਮ ਖ਼ਫਾ ਹਨ। ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਪ੍ਰਕਾਸ਼ ਚੰਦ ਚੰਨੂ ਨੇ ਕਿਹਾ ਕਿ ਮੁਲਾਜ਼ਮਾਂ ਦਾ ਰੋਹ ਸਰਕਾਰ ਨੂੰ ਝੁਕਣ ਲਈ ਮਜਬੂਰ ਕਰੇਗਾ।
ਮੋਗਾ ’ਚ ਕੇਜਰੀਵਾਲ, ਮਾਨ ਤੇ ਸੌਰਵ ਦਾਸ ਦੇ ਪੁਤਲੇ ਫੂਕੇ
ਬਾਘਾ ਪੁਰਾਣਾ/ਮੋਗਾ (ਕਿਰਨਦੀਪ ਸਿੰਘ ਬੰਬੀਹਾ): ਸਾਂਝਾ ਮੁਲਾਜ਼ਮ ਮੰਚ/ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਬੰਦ ਕਰ ਕੇ ਡੀ ਏ ਸੀ ਕੰਪਲੈਕਸ ਮੋਗਾ ਅੱਗੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੌਰਵ ਦਾਸ (ਕਾਕਰੋਚ ਜਨਤਾ ਪਾਰਟੀ) ਦੇ ਪੁਤਲੇ ਫੂਕੇ ਗਏ। ਡੀ ਸੀ ਦਫ਼ਤਰ ਮੋਗਾ ਦੇ ਸਾਹਮਣੇ ਰੋਸ ਰੈਲੀ ਵਿੱਚ ਵੱਖ-ਵੱਖ ਜੱਥੇਬੰਦੀਆਂ ਨਾਲ ਸਬੰਧਤ ਆਗੂ ਤੇ ਕਾਰਕੁਨ ਸ਼ਾਮਲ ਹੋਏ। ਮੁਲਾਜ਼ਮਾਂ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਰ ਕੇ ਮੁਲਾਜ਼ਮ ਖਫ਼ਾ ਹਨ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਮੰਗਾਂ ’ਤੇ ਗੌਰ ਨਾ ਕੀਤਾ ਤਾਂ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮ ‘ਆਪ’ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ।
ਮਹਾਂ ਬੰਦ ਨੂੰ ਬਠਿੰਡਾ ਵਿੱਚ ਭਰਵਾਂ ਹੁੰਗਾਰਾ
ਬਠਿੰਡਾ (ਮਨੋਜ ਸ਼ਰਮਾ): ‘ਪੰਜਾਬ ਮਹਾਂਬੰਦ’ ਨੂੰ ਬਠਿੰਡਾ ਵਿੱਚ ਭਰਵਾਂ ਹੁੰਗਾਰਾ ਮਿਲਿਆ। ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰਨਾਂ ਜਨਤਕ ਅਦਾਰਿਆਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਕੰਮਕਾਜ ਪ੍ਰਭਾਵਿਤ ਰਿਹਾ। ਪੰਜਾਬ ਮਹਾਂਬੰਦ ਤਹਿਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਡੀ ਸੀ ਕੰਪਲੈਕਸ ਵਿਖੇ ਵੱਡਾ ਇਕੱਠ ਕੀਤਾ। ਹਰਨੇਕ ਸਿੰਘ ਗਹਿਰੀ, ਲਛਮਣ ਸਿੰਘ ਮਲੂਕਾ, ਜਤਿੰਦਰ ਕ੍ਰਿਸ਼ਨ, ਗੁਰਮੇਲ ਸਿੰਘ ਖਾਲਸਾ ਆਦਿ ਦੀ ਅਗਵਾਈ ਹੇਠ ਪ੍ਰਦਰਸ਼ਨ ਮਗਰੋਂ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਤੱਕ ਸੰਘਰਸ਼ ਜਾਰੀ ਰਹੇਗਾ।
ਬਰਨਾਲਾ ਵਿੱਚ ਮੋਟਰਸਾਈਕਲ ਮਾਰਚ ਤੇ ਨਾਅਰੇਬਾਜ਼ੀ
ਬਰਨਾਲਾ (ਪਰਸ਼ੋਤਮ ਬੱਲੀ): ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਥਾਨ ਡੀ ਸੀ ਦਫ਼ਤਰ ਵਿਖੇ ਰੋਹਲੇ ਧਰਨੇ ਮਗਰੋਂ ਸ਼ਹਿਰ ‘ਚ ਮੋਟਰਸਾਈਕਲ ਮਾਰਚ ਕੱਢਿਆ। ਬਰਨਾਲੇ ਦੀਆਂ ਸਮੁੱਚੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਮਾਸਟਰ ਬਖਸ਼ੀਸ਼ ਸਿੰਘ, ਬਲਜਿੰਦਰ ਪ੍ਰਭੂ, ਦਰਸ਼ਨ ਚੀਮਾ, ਨਿਰਮਲਜੀਤ ਚਾਨੇ, ਮੋਹਨ ਸਿੰਘ ਛੰਨਾਂ, ਜਗਰਾਜ ਰਾਮਾ, ਸੁਖਜੰਟ ਸਿੰਘ, ਗਮਦੂਰ ਸਿੰਘ ਦੀ ਅਗਵਾਈ ਵਿੱਚ ਡੀ ਸੀ ਕੰਪਲੈਕਸ ਵਿਖੇ ਵੱਡੇ ਮੁਲਾਜ਼ਮ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਦੋਖੀ ਨੀਤੀਆਂ ਨੂੰ ਰੱਜ ਕੇ ਭੰਡਿਆ ਤੇ ਬੇਪਰਦ ਕੀਤਾ। ਉਨ੍ਹਾਂ ਕਿਹਾ ਕਿ ਡੀ ਏ ਭੁਗਤਾਨ ਸਬੰਧੀ ਹਾਈ ਕੋਰਟ ਦੇ ਹੁਕਮਾਂ ਦੀ ਤੁਰੰਤ ਤਾਮੀਲ ਯਕੀਨੀ ਬਣਾਏ ਸਰਕਾਰ। ਇਸੇ ਤਰ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲਟਕਦੀਆਂ ਹੋਰ ਮੰਗਾਂ ਤੇ ਮਸਲਿਆਂ ਦਾ ਵੀ ਆਪਣੇ ਚੁਣਾਵੀ ਵਾਅਦੇ ਅਨੁਸਾਰ ਤਤਕਾਲ ਨਿਪਟਾਰਾ ਕਰੇ। ਬੁਲਾਰਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹੱਕਾਂ ਲਈ ਲੜਦੇ ਮੁਲਾਜ਼ਮਾਂ ਨੂੰ ‘ਐਂਟੀ ਸਟੇਟ’ ਆਖੇ ਜਾਣ ਦੀ ਵੀ ਨਿੰਦਾ ਕੀਤੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਅਦਾਖ਼ਿਲਾਫ਼ੀ ਦੀ ਕੀਮਤ ਚੁਕਾਉਣੀ ਪਵੇਗੀ।
ਮੁਕਤਸਰ ’ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮਹਾਂਬੰਦ ਦੌਰਾਨ ਸ੍ਰੀ ਮੁਕਤਸਰ ਸਾਹਿਬ ’ਚ ਹਜ਼ਾਰਾਂ ਮੁਲਾਜ਼ਮਾਂ ਇਕੱਠ ਨੇ ਇਤਿਹਾਸਕ ਕਰਦਿਆਂ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਸੋਚਣ ਲਈ ਮਜਬੂਰ ਕਰ ਦਿੱਤਾ। ਧਰਨਾਕਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਪਹਿਲਾਂ ਡੀਸੀ ਦਫਤਰ ਲਾਗੇ ਰੋਸ ਮੁਜ਼ਾਹਰਾ ਕੀਤਾ ਅਤੇ ਬਾਅਦ ਵਿੱਚ ਗੋਲ ਚੌਕ ਵਿੱਚ ਮੁੱਖ ਮੰਤਰੀ ਦਾ ਪਿੱਟ ਸਿਆਪਾ ਕਰਦਿਆਂ ਪੁਤਲਾ ਫੂਕਿਆ ਗਿਆ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਹੁਣ ਸਰਕਾਰੀ ਮੁਲਾਜ਼ਮ, ਸਰਕਾਰ ਦੇ ਝੂਠਾਂ ਅਤੇ ਲਾਅਰਿਆਂ ’ਚ ਹੁਣ ਕਰਮਚਾਰੀ ਨਹੀਂ ਆਉਣਗੇ। ਇਸ ਪ੍ਰਦਰਸ਼ਨ ਦੌਰਾਨ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ, ਖੇਤੀਬਾੜੀ ਵਿਭਾਗ, ਏ ਡੀ ਓ, ਪੈਨਸ਼ਨਰਜ਼ ਐਸੋਸੀਏਸ਼ਨ, ਆਂਗਣਵਾੜੀ ਵਰਕਰ ਯੂਨੀਅਨ, ਸੀ ਪੀ ਐਫ ਕਰਮਚਾਰੀ ਯੂਨੀਅਨ, ਕਿਸਾਨ ਯੂਨੀਅਨ ਕੇ ਕੇ ਯੂ, ਟੈਕਨੀਕਲ ਐਂਡ ਮਕੈਨੀਕਲ ਸਰਵਿਸਜ਼ ਯੂਨੀਅਨ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਯੂਨੀਅਨ, ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੀ ਡਬਲਯੂ ਡੀ ਐਂਡ ਅਲਾਈਡ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਸਿੱਖਿਆ ਵਿਭਾਗ, ਪਟਵਾਰ ਯੂਨੀਅਨ, ਮਿਊਂਸਿਪਲ ਪੈਨਸ਼ਨਰਜ਼ ਯੂਨੀਅਨ, ਪੀ ਐਸ ਪੀ ਸੀ ਐਲ ਪੈਨਸ਼ਨਰਜ਼ ਐਸੋਸੀਏਸ਼ਨ, ਸਿਵਲ ਹਸਪਤਾਲ, ਐਨ ਐਸ ਕਿਊ ਐਫ , ਮਿੱਡ ਡੇ ਮੀਲ ਕਰਮਚਾਰੀ ਯੂਨੀਅਨ ਤੇ ਮਾਰਕੀਟ ਕਮੇਟੀ ਆਦਿ ਦੇ ਕਰਮਚਾਰੀ ਅਤੇ ਲੋਕ ਹਾਜ਼ਰ ਸਨ।

