DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ’ਚ ਬਿਜਲੀ ਕਾਮਿਆਂ ਵੱਲੋਂ ਪਰਿਵਾਰਾਂ ਸਣੇ ਧਰਨਾ

ਪਾਵਰਕੌਮ ਦੇ ਨਿੱਜੀਕਰਨ ਦਾ ਵਿਰੋਧ; ਮੁਲਾਜ਼ਮਾਂ ਨੂੰ ਪਟਿਆਲਾ ਧਰਨੇ ’ਚ ਸ਼ਾਮਲ ਹੋਣ ਦਾ ਸੱਦਾ
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ

ਬਠਿੰਡਾ, 26 ਜੂਨ

Advertisement

ਬਿਜਲੀ ਕਰਮਚਾਰੀਆਂ ਨੇ ਇੱਥੇ ਥਰਮਲ ਕਲੋਨੀ ਦੇ ਗੇਟ ਨੰਬਰ ਤਿੰਨ ਅੱਗੇ ਸਰਕਲ ਪੱਧਰੀ ਧਰਨਾ ਦੇ ਕੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਧਰਨੇ ’ਚ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

ਟੈਕਨੀਕਲ ਸਰਵਸਿਜ਼ ਯੂਨੀਅਨ ਪੰਜਾਬ ਅਤੇ ਪਾਵਰਕੌਮ ਟਰਾਂਸਕੋ ਠੇਕਾ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਨੂੰ ਚੰਦਰ ਸ਼ਰਮਾ, ਸਤਵਿੰਦਰ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਪੰਨੂ, ਜਗਸੀਰ ਭੰਗੂ ਅਤੇ ਰਾਜੇਸ਼ ਮੌੜ ਨੇ ਬਿਜਲੀ ਖੇਤਰ ਦਾ ਨਿੱਜੀਕਰਨ ਕਰਨ ਦਾ ਦੋਸ਼ ਲਾਉਂਦਿਆਂ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਆਊਟ-ਸੋਰਸਿਡ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 15ਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇ, ਸੇਵਾਮੁਕਤੀ ’ਤੇ ਠੇਕਾ ਮੁਲਾਜ਼ਮਾਂ ਨੂੰ 10 ਲੱਖ ਰੁਪਇਆ ਗੁਜ਼ਾਰੇ ਭੱਤੇ ਵਜੋਂ ਦਿੱਤਾ ਜਾਵੇ। ਆਗੂਆਂ ਨੇ ਪਾਵਰਕੌਮ ਦੇ ਨਿੱਜੀਕਰਨ ਖ਼ਿਲਾਫ਼ 3 ਜੁਲਾਈ ਨੂੰ ਪਟਿਆਲਾ ’ਚ ਸੂਬਾ ਪੱਧਰੀ ਧਰਨੇ ਅਤੇ 9 ਜੁਲਾਈ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੀ ਹੜਤਾਲ ’ਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ, ਪੀਐੱਸਯੂ (ਸ਼ਹੀਦ ਰੰਧਾਵਾ) ਦੇ ਬਿੰਦਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਗਦੀਸ਼ ਸਿੰਘ ਤੇ ਮਹਿੰਦਰਪਾਲ ਸਿੰਘ, ਡੀਟੀਐੱਫ ਦੇ ਜਸਵਿੰਦਰ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਲਖਵਿੰਦਰ ਸਿੰਘ ਵੀ ਹਾਜ਼ਰ ਸਨ।

ਬਿਜਲੀ ਮੁਲਾਜ਼ਮਾਂ ਦੇ ਹੜਤਾਲੀ ਦਿਨਾਂ ’ਚ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਆਊਟ ਸੋਰਸਿਡ ਕੰਪਨੀਆਂ ਰਾਹੀਂ ਬਿਜਲੀ ਮਕੈਨਿਕਾਂ ਦੀਆਂ ਸੇਵਾਵਾਂ ਲਏ ਜਾਣ ਦੀ ਵੀ ਆਗੂਆਂ ਨੇ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨਿੰਦਾ ਕੀਤੀ ਕਿ ‘ਇਹ ਪਾਵਰਕਾਮ ਦੇ ਨਿੱਜੀਕਰਨ ਵਿਰੁੱਧ ਵਿੱਢੇ ਸੰਘਰਸ਼ ਨੂੰ ਅਸਫ਼ਲ ਬਣਾਉਣ ਦੀ ਸਾਜ਼ਿਸ਼ ਹੈ, ਜਿਸ ਰਾਹੀਂ ਖ਼ਪਤਕਾਰਾਂ ਅਤੇ ਬਿਜਲੀ ਮੁਲਾਜ਼ਮਾਂ ਨੂੰ ਇੱਕ-ਦੂਜੇ ਖ਼ਿਲਾਫ਼ ਉਕਸਾਇਆ ਜਾ ਰਿਹਾ ਹੈ।’ ਉਨ੍ਹਾਂ ਇਸ ਕਵਾਇਦ ਨੂੰ ‘ਖ਼ਪਤਕਾਰਾਂ ਪ੍ਰਤੀ ਝੂਠਾ ਹੇਜ ਜਿਤਾਉਣ’ ਦੇ ਯਤਨ ਦੱਸਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੂੰ ਧਰਨਿਆਂ, ਮੁਜ਼ਾਹਰਿਆਂ ਅਤੇ ਹੜਤਾਲਾਂ ਕਾਰਨ ਦੋਖੀਆਂ ਵਜੋਂ ਪੇਸ਼ ਕਰਕੇ, ਉਨ੍ਹਾਂ ਦੀ ਨਿੱਜੀਕਰਨ ਵਿਰੁੱਧ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement
×