Electricity Department: ਫੁੱਲੋ ਮਿੱਠੀ ਵਾਸੀਆਂ ਨੂੰ ਸ਼ਿਕਾਇਤ ਕਰਨੀ ਪਈ ਭਾਰੀ
ਬਿਜਲੀ ਵਿਭਾਗ ਦੇ ਅਮਲੇ ਵੱਲੋਂ ਲੋਕਾਂ ਦੇ ਘਰਾਂ ਵਿੱਚ ਛਾਪੇ
ਇੱਥੇ ਤੇਜ਼ ਝੱਖੜ ਕਾਰਨ ਟੁੱਟੇ ਬਿਜਲੀ ਦੇ ਖੰਭੇ ਅਤੇ ਡਿੱਗੇ ਟਰਾਂਸਫਾਰਮਰਾਂ ਕਾਰਨ ਪੈਦਾ ਹੋਈ ਪ੍ਰੇਸ਼ਾਨੀ ਲੋਕ ਅਜੇ ਤੱਕ ਵੀ ਹੰਡਾ ਰਹੇ ਹਨ। ਪਿੰਡ ਫੁੱਲੋ ਮਿੱਠੀ ਵਾਸੀ ਦਲਵੀਰ ਸਿੰਘ, ਕੇਵਲ ਸਿੰਘ, ਅੰਗਰੇਜ਼ ਸਿੰਘ, ਬਲਤੇਜ ਸਿੰਘ, ਨਾਜਰ ਸਿੰਘ, ਨੱਛਤਰ ਸਿੰਘ, ਏਕਮਕਾਰ ਸਿੰਘ, ਬਲਜੀਤ ਸਿੰਘ, ਗਾਸ਼ਾ ਸਿੰਘ, ਬੱਗਾ ਸਿੰਘ, ਮਾਂਗੇ ਕੌਰ ਤੇ ਕਰਮਜੀਤ ਕੌਰ ਨੇ ਦੱਸਿਆ ਕਿ 28 ਮਈ ਨੂੰ ਆਏ ਼ ਝੱਖੜ ਕਾਰਨ ਉਨ੍ਹਾਂ ਦੇ ਖੇਤਰ ਦਾ ਖੰਭਾ ਤੇ ਟਰਾਂਸਫਾਰਮਰ ਨੁਕਸਾਨੇ ਗਏ। ਪੰਜਵੇਂ ਦਿਨ ਬਿਜਲੀ ਸਪਲਾਈ ਚਾਲੂ ਹੋਣ ਤੋਂ ਬਾਅਦ ਮੀਟਰ ਤੇ ਤਾਰਾਂ ਧਰਤੀ ’ਤੇ ਵਿਛੀਆਂ ਹੋਣ ਕਾਰਨ, ਕਿਸੇ ਨੁਕਸਾਨ ਦੇ ਡਰੋਂ ਔਨਲਾਈਨ ਸ਼ਿਕਾਇਤ ਕੀਤੀ ਗਈ। ਇਸ ਮਗਰੋਂ ਵਿਭਾਗ ਦੇ ਐੱਸ ਡੀ ਓ ਵਿਜੈ ਕੁਮਾਰ ਗੁਪਤਾ, ਜੇ ਈ ਗੁਰਸੇਵਕ ਸਿੰਘ ਅਤੇ ਜੇ ਈ ਸੁਖਪਾਲ ਸਿੰਘ ਦੀ ਟੀਮ ਵੱਲੋਂ ਧਰਤੀ ’ਤੇ ਵਿਛੀਆਂ ਤਾਰਾਂ ਚੁੱਕਣ ਦੀ ਥਾਂ ਸ਼ਿਕਾਇਤ ਵਾਪਸ ਲੈਣ ਦਾ ਡਰਾਬਾ ਦਿੰਦੇ ਹੋਏ ਕਈ ਘਰਾਂ ਵਿੱਚ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅੱਜ 12ਵੇਂ ਦਿਨ ਬਾਅਦ ਵੀ ਸਿਰਫ਼ ਬਿਜਲੀ ਦੇ ਮੀਟਰ ਖੰਭੇ ’ਤੇ ਲਗਾਏ ਹਨ ਪੰਤੂ ਟਰਾਂਸਫਾਰਮਰ ਦੇ ਜੀਓ ਸਵਿੱਚ ਅਤੇ ਫਿਊਜ਼ ਯੂਨਿਟ ਨਹੀਂ ਲਗਾਏ ਗਏ ਜਦੋਂਕਿ ਢਿੱਲੀਆਂ ਤਾਰਾਂ ਅਜੇ ਵੀ ਲੋਕਾਂ ਲਈ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਘਰਾਂ ਦਾ ਲੋਡ ਚੈੱਕ ਕੀਤਾ ਗਿਆ: ਐੱਸ ਡੀ ਓ
ਐੱਸ ਡੀ ਓ ਵਿਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਪਿੰਡ ਫੁੱਲੋ ਮਿੱਠੀ ਦੀ ਇਕ ਢਾਣੀ ਵਿੱਚ ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪਰ ਜਦੋਂ ਉਹ ਮੌਕੇ ’ਤੇ ਗਏ ਤਾਂ ਸਾਰੇ ਘਰਾਂ ਦੀ ਲਾਈਟ ਚੱਲ ਰਹੀ ਸੀ, ਜਿਸ ਕਾਰਨ ਜੇ ਈ ਗੁਰਸੇਵਕ ਸਿੰਘ, ਸੁਖਪਾਲ ਸਿੰਘ ਸਣੇ ਉਨ੍ਹਾਂ ਦੀ ਅਗਵਾਈ ਹੇਠ ਟੀਮ ਵੱਲੋਂ ਸਾਰੇ ਘਰਾਂ ਦਾ ਲੋਡ ਚੈੱਕ ਕੀਤਾ ਗਿਆ। ਕਿਸੇ ਵੀ ਘਰ ’ਚ ਬਿਜਲੀ ਚੋਰੀ ਨਹੀਂ ਪਾਈ ਗਈ ਪਰ ਵੱਧ ਲੋਡ ਹੋਣ ਕਾਰਨ ਵਿਭਾਗ ਵੱਲੋਂ ਉਨ੍ਹਾਂ ਨੂੰ ਨੋਟਿਸ ਕੱਢੇ ਜਾਣਗੇ ਅਤੇ ਜੁਰਮਾਨੇ ਵੀ ਕੀਤੇ ਜਾਣਗੇ।
