
ਬਿਜਲੀ ਦਫਤਰ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ।
ਨਿਰੰਜਣ ਬੋਹਾ
ਬੋਹਾ, 25 ਮਈ
ਪੰਜਾਬ ਰਾਜ ਊਰਜਾ ਨਿਗਮ ਸਬ ਡਵੀਜ਼ਨ ਬੋਹਾ ਵੱਲੋਂ ਖੇਤਰ ਦੇ ਪਿੰਡ ਸਤੀਕੇ ਵਿੱਚ ਸਥਿਤ ਡੇਰਾ ਬਾਬਾ ਬ੍ਰਹਮ ਗਿਆਨ ਨੂੰ ਦਿੱਤੇ ਜਾਣ ਵਾਲਾ ਬਿਜਲੀ ਜੁਰਮਾਨੇ ਦਾ ਨੋਟਿਸ ਡੇਰੇ ਦੀ ਬਜਾਇ ਪਿੰਡ ਦੇ ਹੀ ਇਕ ਵਸਨੀਕ ਮੇਜਰ ਸਿੰਘ ਦੇ ਨਾਂ ਭੇਜਣ ਤੋਂ ਖ਼ਫਾ ਲੋਕਾਂ ਵੱਲੋਂ ਅੱਜ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਊਰਜਾ ਨਿਗਮ ਦੇ ਦਫ਼ਤਰ ਦਾ ਇਕ ਮਹੀਨੇ ਵਿਚ ਦੂਜੀ ਵਾਰ ਘਿਰਾਓ ਕੀਤਾ ਗਿਆ।
ਅੱਜ ਧਰਨੇ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਗੁਰਜੰਟ ਭੀਖੀ, ਦਰਸ਼ਨ ਸਿੰਘ ਮੰਘਾਣੀਆਂ ਤੇ ਜੋਰਾ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੇਜਰ ਸਿੰਘ ਉਕਤ ਬਾਬਾ ਬ੍ਰਹਮ ਗਿਆਨ ਡੇਰੇ ਦਾ ਪ੍ਰਬੰਧਕ ਜਾਂ ਅਹੁਦੇਦਾਰ ਨਹੀਂ ਹੈ, ਪਰ ਉਸ ਨੂੰ 82,569 ਰੁਪਏ ਦਾ ਬਿਜਲੀ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਮਈ ਮਹੀਨੇ ਦੀ ਕੜਕਦੀ ਧੁੱਪ ਵਿੱਚ ਇਹ ਧਰਨਾ ਜਗ੍ਹਾ ਵੇਖ ਨਹੀਂ ਸਗੋਂ ਵਜ੍ਹਾ ਵੇਖ ਕੇ ਹੀ ਲਾਇਆ ਗਿਆ ਹੈ। ਇਸ ਦੌਰਾਨ ਊਰਜਾ ਨਿਗਮ ਦੇ ਐੱਸਡੀਓ ਰਾਜੀਵ ਸਿੰਗਲਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਜਰ ਸਿੰਘ ਨੂੰ ਜੁਰਮਾਨਾ ਬਾਹਰਲੀ ਟੀਮ ਵੱਲੋਂ ਪਾਇਆ ਗਿਆ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਰਿਪੋਰਟ ਭੇਜ ਦਿੱਤੀ ਗਈ ਹੈ ਤੇ ਜਾਂਚ ਕਰਕੇ ਮੇਜਰ ਸਿੰਘ ਦਾ ਨਾਂ ਕੱਢ ਦਿੱਤਾ ਜਾਵੇਗਾ। ਐੱਸਡੀਓ ਵੱਲੋਂ ਵਿਸਵਾਸ਼ ਦਿਵਾਏ ਜਾਣ ’ਤੇ ਧਰਨਾ ਚੁੱਕ ਦਿੱਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ