ਘਰ ਵਿਚ ਦਾਖ਼ਲ ਹੋ ਕੇ ਬਜ਼ੁਰਗ ਦਾ ਕਤਲ

ਘਰ ਵਿਚ ਦਾਖ਼ਲ ਹੋ ਕੇ ਬਜ਼ੁਰਗ ਦਾ ਕਤਲ

ਭੋਲਾ ਸਿੰਘ ਦੀ ਫਾਈਲ ਫੋਟੋ।

ਮਨੋਜ ਸ਼ਰਮਾ
ਬਠਿੰਡਾ, 12 ਅਗਸਤ

ਬਠਿੰਡਾ ਜ਼ਿਲ੍ਹੇ ਦੇ ਥਾਣਾ ਨੇਹੀਆ ਵਾਲਾ ਅਧੀਨ ਪੈਂਦੇ ਪਿੰਡ ਬਲਹਾੜ ਮਹਿਮਾ ਵਿਚ ਬੀਤੀ ਰਾਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਤੇਜ਼ ਹਥਿਆਰ ਨਾਲ ਭੋਲਾ ਸਿੰਘ (52) ਪੁੱਤਰ ਲਛਮਣ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਘਰ ਦੀ ਭੰੜ-ਤੋੜ ਕੀਤੀ।

ਥਾਣਾ ਨੇਹੀਆ ਵਾਲਾ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਭੋਲਾ ਸਿੰਘ ਦੇ ਘਰ ਦੀ ਕੰਧ ਟੱਪ ਕੇ ਦਾਖ਼ਲ ਹੋਏ ਅਤੇ ਭੋਲਾ ਸਿੰਘ ਦੀ ਲੜਕੀ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ। ਜਦੋਂ ਭੋਲਾ ਸਿੰਘ ਅਤੇ ਉਸ ਦੇ ਪੁੱਤਰ ਜਗਮੀਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਕਾਪੇ ਅਤੇ ਲੋਹੇ ਦੀ ਪਾਈਪ ਨਾਲ ਭੋਲਾ ਸਿੰਘ ਦੀ ਗਰਦਨ ’ਤੇ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਨੇ ਉਸ ਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ, ਜੋ ਗੋਨਿਆਣਾ ਦੇ ਹਸਪਤਾਲ ਵਿਚ ਦਾਖ਼ਲ ਹੈ।

ਮ੍ਰਿਤਕ ਭੋਲਾ ਸਿੰਘ ਦੀ ਲੜਕੀ ਬੇਅੰਤ ਕੌਰ, ਨੇਹੀਆ ਵਾਲਾ ਵਿਚ ਵਿਆਹੀ ਹੋਈ ਹੈ ਅਤੇ ਬੀਤੇ 4 ਵਰ੍ਹਿਆਂ ਤੋਂ ਪੇਕੇ ਘਰ ਹੀ ਰਹਿ ਰਹੀ ਹੈ। ਭੋਲਾ ਸਿੰਘ ਦੇ ਲੜਕੇ ਜਗਮੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਸਿੰਘ ਵਾਸੀ ਮਹਾਰਾਜ ਰਾਮਪੁਰਾ ਫੂਲ ਅਤੇ ਸੁਰਜੀਤ ਸਿੰਘ ਪੁੱਤਰ ਬਲਧੀਰ ਸਿੰਘ ਵਾਸੀ ਬਲਹਾੜ ਮਹਿਮਾ ਨੇ ਉਸ ਦੀ ਭੈਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਰਿਵਾਰ ਨੇ ਵਿਰੋਧ ਕੀਤਾ ਤੇ ਅੱਧੀ ਦਰਜਨ ਦੇ ਕਰੀਬ ਮੁਲਜ਼ਮਾਂ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ। ਥਾਣਾ ਨੇਹੀਆ ਵਾਲਾ ਦੇ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਡੀਐੱਸਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਜੇ ਹੋਰ ਵਿਅਕਤੀ ਵੀ ਕਤਲ ’ਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਨਾਮਜ਼ਦ ਕਰ ਕੇ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All