ਇੱਟ ਵੱਜਣ ਕਾਰਨ ਬਜ਼ੁਰਗ ਦੀ ਮੌਤ

ਇੱਟ ਵੱਜਣ ਕਾਰਨ ਬਜ਼ੁਰਗ ਦੀ ਮੌਤ

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ 

ਇਥੇ ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਬੁਰਜ ਦੁੱਨਾ ਵਿੱਚ ਲੰਘੀ ਸ਼ਾਮ ਝਗੜ ਰਹੇ ਗੁਆਂਢੀਆਂ ਨੂੰ ਰੋਕਣ  ਗਏ ਬਜ਼ੁਰਗ ਦੀ ਪੱਥਰਬਾਜ਼ੀ ਦੌਰਾਨ ਇੱਟ ਵੱਜਣ ਨਾਲ ਮੌਤ ਹੋ ਗਈ। ਪੁਲੀਸ ਨੇ ਇਸ ਘਟਨਾ ਸਬੰਧੀ ਗੈਰਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਡੀਐੱਸਪੀ (ਨਿਹਾਲ ਸਿੰਘ ਵਾਲਾ) ਮਨਮੋਹਣ ਸਿੰਘ ਔਲਖ ਅਤੇ ਥਾਣਾ ਬੱਧਨੀ ਕਲਾਂ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਸ਼ਿੰਦਰ ਸਿੰਘ ਦੀ ਪਤਨੀ ਮਹਿੰਦਰ ਕੌਰ ਵਾਸੀ ਪਿੰਡ ਬੁਰਜ ਦੁੱਨਾਂ ਦੇ ਬਿਆਨ ਉੱਤੇ  ਜਸਵਿੰਦਰ ਸਿੰਘ ਉਰਫ ਲਾਲਾ ਅਤੇ ਹਰਪਿੰਦਰ ਸਿੰਘ ਉਰਫ ਬਿੰਦਾ (ਦੋਵੇੇਂ ਭਰਾ) ਅਤੇ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਅਤੇ ਲਖਵਿੰਦਰ ਕੌਰ ਪਤਨੀ ਬਲਜੀਤ ਸਿੰਘ ਸਾਰੇ ਵਾਸੀ ਪਿੰਡ ਬੁਰਜ ਦੁਨਾ ਖ਼ਿਲਾਫ਼ ਆਈਪੀਸੀ ਦੀ ਧਾਰਾ  304/34 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਪੁਲੀਸ ਮੁਤਾਬਕ ਮਹਿੰਦਰ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਉਪਰੋਕਤ ਵਿਅਕਤੀ ਅਤੇ  ਗੁਰਚੰਦ ਸਿੰਘ ਅਤੇ ਹਰਦੀਪ ਸਿੰਘ, ਜੋ ਦੋਵੇਂ ਭਰਾ ਹਨ, ਆਪਸ ਵਿੱਚ  ਲੜ ਰਹੇ ਸਨ ਅਤੇ ਇੱਕ ਦੂਜੇ ਉੱਤੇ ਪੱਥਰਬਾਜ਼ੀ ਕਰ  ਰਹੇ ਸਨ। ਉਸ ਦਾ ਪਤੀ ਸ਼ਿੰਦਰ ਸਿੰਘ (66 ) ਉਨ੍ਹਾਂ ਨੂੰ ਛਡਾਉਣ ਗਿਆ ਤਾਂ ਮੁਲਜ਼ਮ ਜਸਵਿੰਦਰ ਸਿੰਘ ਉਰਫ ਲਾਲਾ ਵੱਲੋ ਚਲਾਈ ਇੱਟ  ਸ਼ਿੰਦਰ ਸਿੰਘ ਦੇ ਸਿਰ ਵਿੱਚ ਵੱਜੀ ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਪਿਆ ਅਤੇ ਖੂਨ ਨਾਲ ਲੱਥਪੱਥ ਹੋਏ ਸ਼ਿੰਦਰ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸ਼ਿੰਦਰ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ  ਰੈਫ਼ਰ ਕਰ ਦਿੱਤਾ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਕਰੰਟ ਲੱਗਣ ਕਾਰਨ ਬਿਰਧ ਔਰਤ ਦੀ ਮੌਤ; ਪੋਤਰੀ  ਜ਼ਖ਼ਮੀ 

ਬੱਲੂਆਣਾ (ਅਬੋਹਰ), (ਰਾਜਿੰਦਰ ਕੁਮਾਰ):  ਸ਼ਹੀਦ ਭਗਤ ਸਿੰਘ ਨਗਰ ਅਬੋਹਰ ਵਿਚ ਰਹਿਣ ਵਾਲੀ 80 ਸਾਲਾਂ ਦੀ ਔਰਤ ਸੁਜਾਨ ਕੌਰ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਉਸ ਨੂੰ ਬਚਾਉਣ ਲਈ ਅੱਗੇ ਆਈ ਉਸ ਦੀ ਛੋਟੀ ਜਿਹੀ ਪੋਤਰੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ਵਿੱਚ ਰਹਿਣ ਵਾਲੀ ਲੱਦੜ ਸਿੰਘ ਦੀ ਪਤਨੀ ਸੁਜਾਨ ਕੌਰ ਅੱਜ ਬਾਅਦ ਦੁਪਹਿਰ ਘਰ ਵਿੱਚ  ਪੱਖਾ ਚਾਲੂ ਕਰਨ ਲਈ   ਸਵਿੱਚ  ਆਨ ਕਰ  ਰਹੀ ਸੀ। ਇਸੇ ਦੌਰਾਨ ਉਸ ਦਾ  ਹੱਥ ਬਿਜਲੀ ਦੀ ਨੰਗੀ ਤਾਰ ਨੂੰ ਲੱਗ ਗਿਆ। ਦਾਦੀ ਨੂੰ ਬਿਜਲੀ ਦੀ ਤਾਰ ਨਾਲ ਚਿੰਬੜਿਆ ਦੇਖ ਕੇ ਬਚਾਉਣ ਲਈ ਅੱਗੇ ਆਈ ਪੋਤੀ ਵੀ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਗਈ। ਇਸ ਹਾਦਸੇ ਵਿੱਚ ਸੁਜਾਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All