ਖੁਡਾਲ ਕਲਾਂ ਵਿੱਚ ਕੈਂਸਰ ਨਾਲ ਤਿੰਨ ਮਹੀਨੇ ਦੌਰਾਨ ਅੱਠ ਮੌਤਾਂ : The Tribune India

ਖੁਡਾਲ ਕਲਾਂ ਵਿੱਚ ਕੈਂਸਰ ਨਾਲ ਤਿੰਨ ਮਹੀਨੇ ਦੌਰਾਨ ਅੱਠ ਮੌਤਾਂ

ਖੁਡਾਲ ਕਲਾਂ ਵਿੱਚ ਕੈਂਸਰ ਨਾਲ ਤਿੰਨ ਮਹੀਨੇ ਦੌਰਾਨ ਅੱਠ ਮੌਤਾਂ

ਪਿੰਡ ਖੁਡਾਲ ਕਲਾਂ ਵਸਨੀਕ ਹਰਦੇਵ ਅਰਸ਼ੀ ਨੂੰ ਖੜ੍ਹਾ ਗੰਦਾ ਪਾਣੀ ਦਿਖਾਉਂਦੇ ਹੋਏ।

ਜੋਗਿੰਦਰ ਸਿੰਘ ਮਾਨ

ਮਾਨਸਾ, 30 ਨਵੰਬਰ

ਪਿੰਡ ਖੁਡਾਲ ਕਲਾਂ ਵਿਚ ਕੈਂਸਰ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਅੱਠ ਜਣਿਆਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਅਤੇ ਸੱਤ ਜਣੇ ਹੋਰ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ ਅ ਉਹ ਜ਼ਿੰਦਗੀ ਦੀ ਆਖ਼ਰੀ ਲੜਾਈ ਲੜ ਰਹੇ ਹਨ।

ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਮਰਨ ਵਾਲਿਆਂ ਵਿੱਚ ਸੱਤਪਾਲ ਸਿੰਘ, ਬਲਵਿੰਦਰ ਸਿੰਘ, ਕਰਨੈਲ ਕੌਰ, ਲੀਲਾ ਸਿੰਘ, ਪਪਲੀ ਸਿੰਘ, ਬਲਵੰਤ ਸਿੰਘ, ਕੇਵਲ ਸਿੰਘ ਤੇ ਰਿਖੀ ਸਿੰਘ ਸ਼ਾਮਲ ਹਨ ਜਦਕਿ ਧੰਨਾ ਸਿੰਘ, ਕਰਨੈਲ ਕੌਰ, ਜਰਨੈਲ ਕੌਰ, ਤੇਜ ਕੌਰ, ਬਲਵਿੰਦਰ ਸਿੰਘ, ਕਾਕਾ ਸਿੰਘ ਤੇ ਅਵਤਾਰ ਸਿੰਘ ਕੈਂਸਰ ਨਾਲ ਜੂਝ ਰਹੇ ਹਨ ਅਤੇ ਉਹ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਵੇਰਵਿਆਂ ਮੁਤਾਬਕ ਉਕਤ ਮਰੀਜ਼ਾਂ ਵਿੱਚੋਂ ਤਿੰਨ ਵਿਅਕਤੀ ਜਨਰਲ ਤੇ ਬਾਕੀ ਸਾਰੇ ਐਸ.ਸੀ. ਵਰਗ ਨਾਲ ਸਬੰਧਤ ਹਨ। ਲਗਾਤਾਰ ਹੋਈਆਂ ਮੌਤਾਂ ਦਾ ਮਾਮਲਾ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਅਤੇ ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਤੁਰੰਤ ਪਿੰਡ ਵਿੱਚ ਸਿਹਤ ਵਿਭਾਗ ਸਮੇਤ ਹੋਰ ਟੀਮਾਂ ਭੇਜਣ ਦੀ ਮੰਗ ਕੀਤੀ ਹੈ, ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਸਾਬਕਾ ਵਿਧਾਇਕ ਨੇ ਦੱਸਿਆ ਕਿ ਕੈਂਸਰ ਦੇ ਕਹਿਰ ਦਾ ਮੁੱਖ ਕਾਰਨ ਧਰਤੀ ਹੇਠਲਾ ਦੂਸ਼ਿਤ ਪਾਣੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਲੋਕਾਂ ਲਈ ਵਾਟਰ ਵਰਕਸ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਲੋਕ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਵਾਟਰ ਵਰਕਸ 6 ਕਿਲੋਮੀਟਰ ਦੂਰ ਪਿੰਡ ਅਕਬਰਪੁਰ ਖੁਡਾਲ ਵਿਚ ਹੋਣ ਕਾਰਨ ਇਥੇ ਨਾ-ਮਾਤਰ ਪਾਣੀ ਹੀ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਲੰਮੇ ਸਮੇਂ ਤੋਂ ਪਿੰਡ ਵਿੱਚ ਨਵਾਂ ਵਾਟਰ ਵਰਕਸ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ ਤੇ ਆਪਣੇ ਹਿੱਸੇ ਦੀ ਰਾਸ਼ੀ ਵੀ ਜਮ੍ਹਾਂ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸ ਦੀ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ, ਜਿਸ ਕਾਰਨ ਇਹ ਪਾਣੀ ਧਰਤੀ ਵਿਚ ਜਾਂਦਾ ਹੈ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲ ਦੇ ਅਧਾਰ ’ਤੇ ਦਲਿਤ ਅਬਾਦੀ ਵਿੱਚ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤੇ ਸਮੁੱਚੇ ਪਿੰਡ ਦੀ ਡਾਕਟਰੀ ਟੀਮਾਂ ਭੇਜ ਕੇ ਮੈਡੀਕਲ ਜਾਂਚ ਕਰਵਾਈ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕੈਂਸਰ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਏ ਤੁਰੰਤ ਸਹਾਇਤਾ ਰਾਸ਼ੀ ਦਿੱਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All