ਰਾਜਿੰਦਰ ਵਰਮਾ
ਭਦੌੜ, 10 ਜੁਲਾਈ
ਨੇੜਲੇ ਪਿੰਡ ਮੱਝੂਕੇ ਵਿਖੇ ਸਵੇਰ 5 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਭਾਰੀ ਪੁਲੀਸ ਫੋਰਸ ਨੇ ਆ ਕੇ ਪਿੰਡ ਦੀ ਘੇਰਾਬੰਦੀ ਕਰਕੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਮੱਝੂਕੇ ਵਿਖੇ ਬਲਜੀਤ ਸਿੰਘ ਬਰਾੜ ਡੀਐਸਪੀ ਬਰਨਾਲਾ, ਰਛਪਾਲ ਸਿੰਘ ਢੀਂਡਸਾ ਡੀਐਸਪੀ ਦੀ ਅਗਵਾਈ ਵਿਚ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾ ਕੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਪਿੰਡ ’ਚੋਂ ਕੁਝ ਨਾ ਨਿਕਲਿਆ ਤਾਂ ਪੁਲੀਸ ਨੇ ਪਿੰਡ ਤਲਵੰਡੀ ਦੀ ਘੇਰਾਬੰਦੀ ਕਰਕੇ ਪਿੰਡ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਉੱਥੇ ਵੀ ਪੁਲੀਸ ਦੇ ਹੱਥ ਕੁੱਝ ਨਾ ਲੱਗਾ। ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਕਹਿਣ ਤੇ ਇਨ੍ਹਾਂ ਪਿੰਡਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ, ਪੁਲੀਸ ਵੱਲੋਂ ਹੋਰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਕਿਸੇ ਨਾਮੀ ਗੈਂਗਸਟਰ ਦੀ ਭਾਲ ਵਿੱਚ ਪਿੰਡਾਂ ਦੀ ਤਲਾਸ਼ੀ ਲੈ ਰਹੀ ਹੈ। ਇਸ ਸਮੇਂ ਅਮਨਦੀਪ ਕੌਰ ਐਸਐਚਓ ਟੱਲੇਵਾਲ, ਕਿਰਨਦੀਪ ਕੌਰ ਤਪਾ, ਅਜੈਬ ਸਿੰਘ ਸ਼ਹਿਣਾ, ਕਮਲਜੀਤ ਸਿੰਘ ਐਸਐਚਓ ਰੂੜੇਕੇ ਕਲਾਂ ਅਤੇ ਏ.ਐਸ.ਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਲਾਹਣ ਦੇ ਸ਼ੌਕੀਨ ਆਏ ਅੜਿੱਕੇ
ਪਿੰਡ ਮੱਝੂਕੇ ਤੇ ਤਲਵੰਡੀ ਵਿੱਚ ਪੁਲੀਸ ਜੋ ਭਾਲਦੀ ਸੀ ਉਹ ਤਾਂ ਨਹੀਂ ਮਿਲਿਆ ਪਰ ਕੁੱਝ ਲਾਹਣ ਦੇ ਸ਼ੌਕੀਨ ਜ਼ਰੂਰ ਅੜਿੱਕੇ ਆ ਗਏ, ਜਦੋਂ ਪੁਲੀਸ ਘਰਾਂ ਦੀ ਤਲਾਸ਼ੀ ਲੈ ਰਹੀ ਸੀ ਤਾਂ ਕੁਝ ਵਿਅਕਤੀਆਂ ਦੇ ਘਰਾਂ ਵਿੱਚ ਘਰ ਦੀ ਕੱਢੀ ਦਾਰੂ ਪਈ ਸੀ ਜੋ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਕੁਝ ਚਲਾਕ ਵਿਅਕਤੀ ਨੇ ਨਾਲੀਆਂ ਤੇ ਫਲੱਸਾਂ ਵਿੱਚ ਡੋਲ ਦਿੱਤੀ ਗਈ।