ਡੀਸੀ ਦਫ਼ਤਰ ਅੱਗੇ ਧਰਨੇ ਦੌਰਾਨ ਮਜ਼ਦੂਰ ਆਗੂ ਦੀ ਸਿਹਤ ਵਿਗੜੀ : The Tribune India

ਡੀਸੀ ਦਫ਼ਤਰ ਅੱਗੇ ਧਰਨੇ ਦੌਰਾਨ ਮਜ਼ਦੂਰ ਆਗੂ ਦੀ ਸਿਹਤ ਵਿਗੜੀ

ਡੀਸੀ ਦਫ਼ਤਰ ਅੱਗੇ ਧਰਨੇ ਦੌਰਾਨ ਮਜ਼ਦੂਰ ਆਗੂ ਦੀ ਸਿਹਤ ਵਿਗੜੀ

ਸਿਹਤ ਵਿਗੜਨ ਤੋਂ ਬਾਅਦ ਮਜ਼ਦੂਰ ਆਗੂ ਨੂੰ ਐਂਬੂਲੈਂਸ ਰਾਹੀਂ ਪਟਿਆਲਾ ਲਿਜਾਂਦੇ ਹੋਏ ਮੋਰਚੇ ਦੇ ਵਰਕਰ।

ਜੋਗਿੰਦਰ ਸਿੰਘ ਮਾਨ

ਮਾਨਸਾ, 4 ਦਸੰਬਰ

ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੇ ਧਰਨੇ ਦੌਰਾਨ ਅੱਜ ਅਚਾਨਕ ਇੱਕ ਆਗੂ ਗਗਨਦੀਪ ਸਿੰਘ ਖੜਕ ਸਿੰਘ ਵਾਲਾ ਦੀ ਸਿਹਤ ਵਿਗੜ ਗਈ। ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਦੀ ਸਿਹਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦੱਸਿਆ ਕਿ ਗਗਨਦੀਪ ਸਿੰਘ ਦੀ ਸਿਹਤ ਅਚਾਨਕ ਧਰਨੇ ਉਤੇ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਉਣ ਤੋਂ ਮਗਰੋਂ ਡਾਕਟਰਾਂ ਵੱਲੋਂ ਕੀਤੇ ਗਏ ਟੈਸਟਾਂ ਦੌਰਾਨ ਉਸ ਦੇ ਸੈੱਲ ਬਹੁਤ ਜ਼ਿਆਦਾ ਘੱਟ ਗਏ। ਇਸ ਕਾਰਨ ਉਸ ਨੂੰ ਤੁਰੰਤ ਪਟਿਆਲਾ ਲਈ ਰੈਫ਼ਰ ਕਰਨਾ ਜ਼ਰੂਰੀ ਸਮਝਿਆ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਦਿੱਤੇ ਜਾ ਰਹੇ ਦਿਨ-ਰਾਤ ਦੇ ਇਸ ਧਰਨੇ ਦੌਰਾਨ ਰਾਤ ਨੂੰ ਪੈ ਰਹੀ ਸੁੱਕੀ ਠੰਢ ਕਾਰਨ ਧਰਨਾਕਾਰੀ ਬਿਮਾਰ ਹੋਣ ਲੱਗੇ ਹਨ, ਪਰ ਪ੍ਰਸ਼ਾਸਨ ਨੇ ਮਜ਼ਦੂਰ ਆਗੂਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਮਜ਼ਦੂਰ ਆਗੂ ਗਗਨਦੀਪ ਸਿੰਘ ਦੇ ਟੈੱਸਟਾਂ ਦੌਰਾਨ ਪਤਾ ਲੱਗਿਆ ਹੈ ਕਿ ਉਸ ਨੂੰ ਡੇਂਗੂ ਹੋ ਗਿਆ ਹੈ, ਜਿਸ ਕਾਰਨ ਉਸ ਦੀ ਸਿਹਤ ਵਿਗੜੀ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਦੇ ਇਸ ਧਰਨੇ ਦੌਰਾਨ ਹੋਏ ਡੇਂਗੂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ ਮਾਨਸਾ ਦੇ ਹਸਪਤਾਲ ਵਿੱਚ ਨਾ ਤਾਂ ਕੋਈ ਡਾਕਟਰ ਹੈ, ਨਾ ਹੀ ਕੋਈ ਦਵਾਈ, ਜੋ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਰਹੀ ਹੈ, ਜਿਸ ਕਰਕੇ ਮਜ਼ਦੂਰ ਆਗੂ ਨੂੰ ਪਟਿਆਲਾ ਵਿੱਚ ਇਲਾਜ ਲਈ ਲੈ ਕੇ ਜਾਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਵੀ ਕਿਸੇ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜੇ ਮਜ਼ਦੂਰ ਆਗੂ ਦਾ ਸਹੀ ਇਲਾਜ ਨਾ ਹੋਇਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਇਸ ਮੌਕੇ ਗੁਰਮੀਤ ਨੰਦਗੜ੍ਹ,ਪ੍ਰਦੀਪ ਗੁਰੂ, ਸੁਖਜੀਤ ਰਾਮਾਨੰਦੀ, ਮੇਲਾ ਸਿੰਘ ਕੈਂਚੀਆਂ ਅਤੇ ਜੱਗਾ ਸਿੰਘ ਨੰਦਗੜ੍ਹ ਨੇ ਵੀ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All