ਪਰਮਜੀਤ ਸਿੰਘ
ਫ਼ਾਜ਼ਿਲਕਾ, 18 ਸਤੰਬਰ
ਖੇਤਰ ਵਿੱਚ ਪਿਛਲੇ ਦੋ ਦਿਨਾਂ ’ਚ ਆਏ ਝੱਖੜ ਅਤੇ ਮੀਂਹ ਕਾਰਨ ਨਰਮਾ ਉਤਪਾਦਕਾਂ ਦੇ ਚਿਹਰੇ ਮੁਰਝਾ ਗਏ ਹਨ। ਜ਼ਿਲ੍ਹੇ ’ਚ ਲਗਪਗ 90 ਹਜ਼ਾਰ ਹੈਕਟੇਅਰ ’ਚ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ। ਕਿਤੇ-ਕਿਤੇ ਗੁਲਾਬੀ ਸੁੰਡੀ ਹਮਲਾ ਹੋਣ ਦੇ ਬਾਵਜੂਦ ਜ਼ਿਆਦਾਤਰ ਖੇਤਰ ’ਚ ਇਕ ਵਾਰ ਨਰਮੇ ਦੀ ਚੁਗਾਈ ਸ਼ੁਰੂ ਹੋ ਚੁੱਕੀ ਸੀ, ਜੋ ਹੁਣ ਮੀਂਹ ਕਾਰਨ ਰੁਕ ਗਈ ਹੈ। ਹੁਣ ਖੇਤਰ ਵਿੱਚ ਝੱਖੜ ਤੇ ਮੀਂਹ ਕਾਰਨ 20 ਤੋਂ 25 ਫ਼ੀਸਦੀ ਨਰਮੇ ਦੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਕਈ ਖੇਤਾਂ ਵਿਚ ਛੇ-ਛੇ ਫੁੱਟ ਤੱਕ ਉੱਚੇ ਨਰਮੇ ਦੇ ਬੂਟੇ ਝੱਖੜ ਨੇ ਮਧੋਲ ਦਿੱਤੇ ਹਨ।
ਜ਼ਿਲ੍ਹੇ ਦੀ ਅਰਨੀਵਾਲਾ ਜੈਲ ਦੇ ਪਿੰਡ ਘੁੜਿਆਣਾ, ਬੁਰਜ ਹਨੂੰਮਾਨਗੜ੍ਹ, ਝੂਮਿਆਂ ਵਾਲੀ, ਬਜੀਦਪੁਰ, ਰੁਹੇੜਿਆਂ ਵਾਲੀ, ਧਰਾਂਗਵਾਲਾ ਆਦਿ ਪਿੰਡਾਂ ਵਿਚ ਮੀਂਹ ਨੇ ਫ਼ਸਲ ਦਾ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿਚ ਨਰਮੇ ਦੇ ਫ਼ਲ ਨਾਲ ਲੱਦੇ ਬੂਟਿਆਂ ਨੂੰ ਝੱਖੜ ਨੇ ਤੋੜ ਦਿੱਤਾ। ਫੁੱਲ ਗੁੱਡੀ ਵੀ ਬਹੁਤ ਜ਼ਿਆਦਾ ਡਿੱਗ ਗਈ। ਜਿਸ ਕਾਰਨ ਟੀਂਡੇ ਹੇਠਾਂ ਡਿੱਗ ਗਏ ਹਨ। ਕਿਸਾਨਾਂ ਦਾ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਝੋਨੇ ਦੀ ਫ਼ਸਲ ਵਾਲੇ ਕਿਸਾਨਾਂ ਲਈ ਬੇਸ਼ੱਕ ਮੀਂਹ ਵਰਦਾਨ ਬਣਿਆ, ਪਰ ਨਰਮਾ ਉਤਪਾਦਕ ਕਿਸਾਨਾਂ ਲਈ ਵੱਡਾ ਆਰਥਿਕ ਨੁਕਸਾਨ ਕਰ ਗਿਆ।
ਉਧਰ ਖੇਤਾਂ ਵਿਚ ਚੁਗਾਈ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਨਰਮੇ ਦੀ ਚੁਗਾਈ ਪ੍ਰਭਾਵਿਤ ਹੋ ਗਈ ਹੈ। ਖਿੜੇ ਹੋਏ ਟੀਂਡਿਆਂ ਦਾ ਵੀ ਨੁਕਸਾਨ ਹੋ ਗਿਆ ਹੈ, ਜਿਸ ਕਾਰਨ ਮੀਂਹ ਕਾਰਨ ਨਰਮੇ ਦੀ ਚੁਗਾਈ ਇਕ ਵਾਰ ਰੁਕ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫੁੱਲ ਗੁੱਡੀ ਦੇ ਡਿੱਗਣ ਅਤੇ ਟੀਂਡਿਆਂ ਦੇ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਇਸ ਵਾਰ ਨਰਮੇ ਦੀ ਫ਼ਸਲ ਤੋਂ ਵੱਡੀ ਉਮੀਦ ਸੀ, ਪਰ ਖੇਤਾਂ ਵਿਚ ਜਿਸ ਤਰ੍ਹਾਂ ਫ਼ਸਲਾਂ ਵਿੱਛ ਗਈਆਂ ਹਨ ਉਹ ਕਾਫ਼ੀ ਨੁਕਸਾਨਦਾਇਕ ਹਨ। ਉਧਰ ਗਰਮੀ ਤੋਂ ਬੇਸ਼ੱਕ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ, ਪਰ ਮੀਂਹ ਨੇ ਖੇਤਾਂ ਦੇ ਪੁੱਤਾਂ ਲਈ ਇਹ ਵੱਡਾ ਆਰਥਿਕ ਸੰਕਟ ਖੜ੍ਹਾ ਕਰ ਦਿੱਤਾ ਹੈ।