DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਢੇਰ ਲੱਗੇ

ਖੇਤਰ ਵਿੱਚ ਪੇਂਡੂ ਖ਼ਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ’ਚ ਚੁਕਾਈ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਵੇਚਣ ਲਈ ਭੁੰਜੇ ਸੁੱਟਿਆ ਜਾ ਰਿਹਾ ਹੈ। ਕਈ ਥਾਵਾਂ ’ਤੇ ਬਾਰਦਾਨੇ ਦਾ ਮਸਲਾ...

  • fb
  • twitter
  • whatsapp
  • whatsapp
featured-img featured-img
ਚੁਕੇਰੀਆਂ ਦੇ ਖ਼ਰੀਦ ਕੇਂਦਰ ’ਚ ਚੁਕਾਈ ਨਾ ਹੋਣ ਕਾਰਨ ਕਣਕ ਦੀਆਂ ਪਈਆਂ ਬੋਰੀਆਂ।
Advertisement

ਖੇਤਰ ਵਿੱਚ ਪੇਂਡੂ ਖ਼ਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ’ਚ ਚੁਕਾਈ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਵੇਚਣ ਲਈ ਭੁੰਜੇ ਸੁੱਟਿਆ ਜਾ ਰਿਹਾ ਹੈ। ਕਈ ਥਾਵਾਂ ’ਤੇ ਬਾਰਦਾਨੇ ਦਾ ਮਸਲਾ ਵੀ ਸੁਲਝਿਆ ਨਹੀਂ, ਜਦੋਂ ਕਿ ਅੰਨਦਾਤਾ ਨੂੰ ਤੋਲਾ-ਤੁਲਾਈ ਲਈ ਕਈ-ਕਈ ਦਿਨ ਉਲਝਣਾ ਪੈ ਰਿਹਾ ਹੈ। ਅਨਾਜ ਮੰਡੀਆਂ ਵਿੱਚ ਉੱਚ ਅਧਿਕਾਰੀਆਂ ਦੀਆਂ ਫੇਰੀਆਂ ਵੀ ਮਸਲੇ ਦਾ ਹੱਲ ਨਾ ਕੱਢ ਸਕੀਆਂ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਹੁਕਮਾਂ ਤੋਂ ਬਾਅਦ ਵੀ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚੋਂ ਚੁਕਾਈ ਦੀ ਸਮੱਸਿਆ ਹੱਲ ਨਹੀਂ ਹੋਈ। ਜ਼ਿਲ੍ਹੇ ਦੇ ਵੱਡੇ ਨੇਤਾਵਾਂ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚੋਂ ਵੀ ਖ਼ਰੀਦ ਏਜੰਸੀਆਂ ਕਣਕ ਦੀਆਂ ਬੋਰੀਆਂ ਨਹੀਂ ਚੁੱਕੀਆਂ ਗਈਆਂ। ਕਣਕ ਦੀ ਖ਼ਰੀਦ ਕਰ ਰਹੀਆਂ ਸਾਰੀਆਂ ਏਜੰਸੀਆਂ ਵੱਲੋਂ ਮੰਡੀਆਂ ਨੂੰ ਵਿਹਲੇ ਕਰਵਾਉਣ ਦੇ ਹਰ ਹੀਲੇ ਦਾ ਅੱਜ ਸ਼ਾਮ ਫੇਲ੍ਹ ਨਜ਼ਰ ਆਏ। ਜਾਣਕਾਰੀ ਅਨੁਸਾਰ ਮਾਨਸਾ ਅਨਾਜ ਮੰਡੀ, ਪਿੰਡ ਦੂਲੋਵਾਲ, ਬਾਜੇਵਾਲਾ, ਰਾਏਪੁਰ, ਮਾਖਾ, ਬੁਰਜ ਹਰੀ, ਭਾਈਦੇਸਾ, ਕੋਟਲੱਲੂ, ਚੁਕੇਰੀਆਂ, ਰੜ, ਅਕਲੀਆ, ਰੱਲਾ, ਖਿਆਲਾ ਕਲਾਂ, ਨੰਗਲ ਕਲਾਂ, ਮੂਸਾ, ਕੱਲ੍ਹੋ, ਬਹਿਣੀਵਾਲ, ਬਣਾਂਵਾਲਾ, ਮਾਨਬੀਬੜੀਆਂ, ਖੋਖਰ ਖੁਰਦ, ਅਹਿਮਦਪੁਰ, ਬੱਛੋਆਣਾ, ਬਰ੍ਹੇ, ਬੀਰੋਕੇ ਕਲਾਂ, ਬੋੜਾਵਾਲ, ਬੁਢਲਾਡਾ, ਦੋਦੜਾ, ਫਫੜੇ ਭਾਈਕੇ, ਟਾਹਲੀਆਂ, ਕੁਲੈਹਿਰੀ, ਕੁਲਾਣਾ, ਭੀਖੀ, ਹੀਰੋ ਕਲਾਂ, ਧਲੇਵਾਂ, ਬੁਰਜ ਝੱਬਰ, ਭੁਪਾਲ, ਮੱਤੀ, ਕਿਸ਼ਨਗੜ੍ਹ ਫਰਮਾਹੀ ਦੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਚੁਕਾਈ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਚੁਕਾਈ ਨਾ ਹੋਣ ਕਰ ਕੇ ਹੀ ਨਵੀਂ ਜਿਣਸ ਮੰਡੀ ਵਿਚ ਨਹੀਂ ਡਿੱਗ ਸਕਦੀ।

ਦੂਜੇ ਪਾਸੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਡੀਆਂ ’ਚੋਂ ਚੁਕਾਈ ਦੀ ਸਮੱਸਿਆ ਕਾਰਨ ਕਿਸਾਨਾਂ ਦੀ ਹੋਰ ਕਣਕ ਨੂੰ ਵੇਚਣ ਲਈ ਪਿੜਾਂ ਵਿੱਚ ਲਿਆਉਣੀ ਇਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਬਣੀ ਹੋਈ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 623490 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਤੇ ਵਪਾਰੀਆਂ ਵੱਲੋਂ 604529 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਕੀਤੇ ਹਨ ਕਿ ਉਹ ਮੰਡੀਆਂ ਵਿਚੋਂ ਤੁਰੰਤ ਰੁਕੀ ਪਈ ਕਣਕ ਨੂੰ ਹਰ-ਹੀਲੇ ਚੁਕਵਾਉਣ।

Advertisement

ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਆਗੂ ਗੁਲਜ਼ਾਰ ਸਿੰਘ ਗੋਗੋਆਣੀ ਨੇ ਆਖਿਆ ਕਿ ਜ਼ੀਰਾ ਦਾਣਾ ਮੰਡੀ ਤੇ ਨਾਲ ਲੱਗਦੇ ਖ਼ਰੀਦ ਕੇਂਦਰਾ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ, ਜਿਸ ਦੀ ਸਭ ਤੋਂ ਵੱਡੀ ਮਾਰ ਮਜ਼ਦੂਰਾਂ ਤੇ ਆੜ੍ਹਤੀਆਂ ’ਤੇ ਪੈ ਰਹੀ ਹੈ। ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚੁਕਾਈ ਦੀ ਸਮੱਸਿਆ ਦਾ ਫੌਰੀ ਤੌਰ ’ਤੇ ਹੱਲ ਕੀਤਾ ਜਾਵੇ।

Advertisement

ਸੰਧਵਾਂ ਵੱਲੋਂ ਕਣਕ ਦੀ ਚੁਕਾਈ ਬਾਰੇ ਅਧਿਕਾਰੀਆਂ ਨਾਲ ਮੀਟਿੰਗ

ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਹਲਕੇ ਦੀਆਂ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖ਼ਰੀਦ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਖ਼ਰੀਦੀ ਗਈ ਕਣਕ ਦੀ ਚੁਕਾਈ ਸਬੰਧੀ ਕੋਈ ਵੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਮੀਟਿੰਗ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਕਣਕ ਦੀ ਖਰੀਦ, ਲਿਫਟਿੰਗ ਅਤੇ ਭੁਗਤਾਨ ਪ੍ਰਕਿਰਿਆ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਹਰ ਸਹੂਲਤ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਸਫਾਈ, ਪੀਣ ਵਾਲਾ ਪਾਣੀ, ਬਿਜਲੀ, ਛਾਂ ਅਤੇ ਬਾਕੀ ਬੁਨਿਆਦੀ ਸਹੂਲਤਾਂ ਦਾ ਪੂਰਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਮਾਰਕੀਟ ਕਮੇਟੀ, ਖਰੀਦ ਏਜੰਸੀਆਂ, ਆੜ੍ਹਤੀਆਂ ਐਸੋਸੀਏਸ਼ਨ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਐੱਸ ਡੀ ਐੱਮ ਸੁਖਰਾਜ ਸਿੰਘ ਢਿੱਲੋਂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਾਰਕੀਟ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਡੀ ਐੱਫ ਐੱਸ. ਸੀ ਗੁਰਜੀਤ ਸਿੰਘ ਦਿਓਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Advertisement
×