ਨਿੱਜੀ ਪੱਤਰ ਪ੍ਰੇਰਕ
ਮੋਗਾ, 29 ਅਗਸਤ
ਸਤਲੁਜ ਦਰਿਆ ਨੇੜਲੇ ਦਰਜਨਾਂ ਪਿੰਡਾਂ ਵਿੱਚ ਹੁਣ ਜਨ-ਜੀਵਨ ਆਮ ਵਾਂਗ ਹੋਣ ਲੱਗਾ ਹੈ। ਜ਼ਿਲ੍ਹੇ ਵਿੱਚ ਦਰਿਆ ਦੀ ਕਰੀਬ 31 ਕਿਲੋਮੀਟਰ ਲੰਬਾਈ ਪੈਂਦੀ ਹੈ। ਪ੍ਰਸ਼ਾਸਨ ਵੱਲੋਂ ਰਾਹਤ ਕੈਂਪ ਤੇ ਹੋਰ ਕਾਰਜ ਜਾਰੀ ਹਨ। ਮੌਜੂਦਾ ਸਮੇਂ 26 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜੋ ਹੁਣ ਤੱਕ ਆਏ ਹੜ੍ਹਾਂ ਦੇ ਪੱਧਰਾਂ ਤੋਂ 6 ਫੁੱਟ ਨੀਵਾਂ ਹੈ। ਪ੍ਰਸ਼ਾਸਨ ਵੱਲੋਂ ਅਗਾਊਂ ਪ੍ਰਬੰਧਾਂ ਕਾਰਨ ਮੋਗਾ ਹੜ੍ਹਾਂ ਦੀ ਮਾਰ ਤੋਂ ਬਚ ਗਿਆ ਹੈ।
ਜ਼ਿਲ੍ਹਾ ਮੋਗਾ ਸਤਲੁਜ ਦੇ ਦੱਖਣੀ ਪਾਸੇ ਹੈ ਅਤੇ ਹਮੇਸ਼ਾ ਦੱਖਣੀ ਪਾਸੇ ਨਿਵਾਣ ਹੋਣ ਕਾਰਨ ਪਾਣੀ ਮਾਰ ਕਰਦਾ ਹੈ ਪਰ ਬੰਨ੍ਹ ਮਜ਼ਬੂਤ ਹੋਣ ਕਾਰਨ ਦਰਿਆ ਮਾਰ ਨਹੀਂ ਕਰ ਸਕਿਆ। ਜ਼ਿਲ੍ਹਾ ਮੋਗਾ ਦੇ ਖੇਤਰ ਵਿੱਚ ਕੁੱਲ ਤਿੰਨ ਢਾਹਾਂ ਲੱਗੀਆਂ ਸਨ। ਚਾਰ ਪਿੰਡਾਂ ਪ੍ਰੱਲੀਵਾਲ, ਮਹਿਰੂਵਾਲਾ, ਕੰਬੋਅ ਖੁਰਦ ਅਤੇ ਸੰਘੇੜਾ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ। ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਮੁੱਖ ਤਿੰਨ ਬੰਨ੍ਹ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਲੱਖ ਕਿਊਸਿਕ ਪਾਣੀ ਵੀ ਆ ਜਾਵੇ ਤਾਂ ਵੀ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ’ਚ ਅਗਾਊਂ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਪਿੰਡ ਭੈਣੀ ਦੇ ਗਿੱਦੜਪਿੰਡੀ ਬੰਨ੍ਹ ਅਤੇ ਮੰਝਲੀ ਬੰਨ੍ਹ ਮਜ਼ਬੂਤ ਕਰ ਦਿੱਤੇ ਗਏ ਹਨ ਅਤੇ ਸ਼ੇਰਪੁਰ ਤਾਇਬਾ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਬੰਨ੍ਹ ਦੀ ਲੰਬਾਈ 20 ਮੀਟਰ ਦੇ ਕਰੀਬ ਪੈਂਦੀ ਹੈ। ਇਸੇ ਤਰ੍ਹਾਂ 17.7 ਕਿਲੋਮੀਟਰ ਲੰਬੀ ਬੱਸੀਆਂ ਡਰੇਨ, 30.18 ਕਿਲੋਮੀਟਰ ਲੰਬੀ ਚੰਦ ਭਾਨ ਡਰੇਨ ਅਤੇ 13.10 ਕਿਲੋਮੀਟਰ ਲੰਬੀ ਬੱਧਣੀ ਡਰੇਨ ਨੂੰ ਵੀ ਪਹਿਲਾਂ ਹੀ ਸਾਫ਼ ਕਰਵਾ ਲਿਆ ਗਿਆ ਸੀ। ਇਹ ਸਫ਼ਾਈ ਹੋਣ ਨਾਲ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਇਲਾਕੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ।