ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਰਾਜ ਪੱਧਰੀ ਨਾਟਕ ਮੇਲੇ ਦੇ ਦੂਜੇ ਦਿਨ ਨਾਟਕ ‘ਜੀ ਆਇਆਂ ਨੂੰ’ ਦਾ ਮੰਚਨ ਕੀਤਾ ਗਿਆ। ਭੁਪਿੰਦਰ ਉਤਰੇਜਾ ਵੱਲੋਂ ਰਚਿਤ ਇਸ ਨਾਟਕ ਨੂੰ ਟੀਮ ‘ਨਟਰੰਗ ਅਬੋਹਰ’ ਨੇ ਹਨੀ ਉਤਰੇਜਾ ਦੇ ਨਿਰਦੇਸ਼ਨ ਵਿੱਚ ਖੇਡਿਆ। ਨਾਟਕ ਵਿੱਚ ਵਡੇਰੀ ਉਮਰ ਵਿੱਚ ਬਜ਼ੁਰਗਾਂ ਵੱਲੋਂ ਹੰਢਾਏ ਜਾਂਦੇ ਇਕੱਲਤਾ ਦੇ ਦੁਖਾਂਤ ਨੂੰ ਬਹੁਤ ਹੀ ਸੰਜੀਦਗੀ ਨਾਲ ਪੇਸ਼ ਕੀਤਾ ਗਿਆ।
ਨਾਟਕ ਵਿੱਚ ਜੀਵਨ ਸਾਥੀ ਦੇ ਤੁਰ ਜਾਣ ਮਗਰੋਂ ਜਦੋਂ ਬੱਚੇ ਵੀ ਪ੍ਰਦੇਸ਼ ਜਾਂ ਹੋਰ ਕੰਮਾਂ-ਧੰਦਿਆਂ ਕਰਕੇ ਪਿੱਛੇ ਇੱਕਲੇ ਰਹਿ ਗਏ ਪਿਉ ਜਾਂ ਮਾਂ ਤੋਂ ਮੁੱਖ ਮੋੜ ਲੈਣ, ਤਾਂ ਉਸ ਸਮੇਂ ਮਾਪਿਆਂ ਨੂੰ ਜੋ ਦੁਖਾਂਤ ਹੰਢਾਉਣਾ ਪੈਂਦਾ ਹੈ, ਉਸ ਦੁਖਾਂਤ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ। ਨਾਟਕ ਦੌਰਾਨ ਦਰਸ਼ਕ ਬਹੁਤ ਵਾਰ ਭਾਵੁਕ ਹੋਏ ਅਤੇ ਤਾੜੀਆਂ ਨਾਲ ਅਦਾਕਾਰਾਂ ਦੀ ਵੀ ਹੌਸਲਾ-ਅਫ਼ਜ਼ਾਈ ਕੀਤੀ।
ਨਾਟ ਉਤਸਵ ਦੇ ਦੂਸਰੇ ਦਿਨ ਸਕੱਤਰ ਆਰ ਟੀ ਏ ਗਗਨਦੀਪ ਸਿੰਘ, ਐੱਸ ਡੀ ਐੱਮ ਤਲਵੰਡੀ ਸਾਬੋ ਪੰਕਜ ਬਾਂਸਲ ਅਤੇ ਭਾਸ਼ਾ ਵਿਭਾਗ ਪੰਜਾਬ ਤੋਂ ਸਹਾਇਕ ਡਾਇਰੈਕਟਰ ਤਜਿੰਦਰ ਸਿੰਘ ਗਿੱਲ ਨੇ ਉਚੇਚੀ ਸ਼ਿਰਕਤ ਕੀਤੀ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ, ਸਨਮਾਨ ਚਿੰਨ੍ਹ ਭੇਟ ਕੀਤੇ।
ਅੰਤ ਵਿੱਚ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ‘ਓਪਨ ਮਾਈਕ ਸੈਸ਼ਨ’ ਵਿੱਚ ਦਰਸ਼ਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਮੰਚ ਸੰਚਾਲਨ ਡਾ. ਸੰਦੀਪ ਸਿੰਘ ਮੋਹਲਾਂ ਨੇ ਕੀਤਾ।

