ਬਰਨਾਲਾ-ਮਾਨਸਾ ਮੁੱਖ ਮਾਰਗ ਦੇ ਕੰਢਿਆਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿੱਚ ਖੜ੍ਹੇ ਹਰੇ ਭਰੇ ਦਰਜਨਾਂ ਰੁੱਖ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ। ਸਰਕਾਰੀ ਰੁੱਖਾਂ ਦੀ ਰੱਖਿਆ ਲਈ ਜ਼ਿੰਮੇਵਾਰ ਵਿਭਾਗ ਦੇ ਸਰਕਾਰੀ ਅਧਿਕਾਰੀ ਬੇਖ਼ਬਰ ਨਜ਼ਰ ਆ ਰਹੇ ਹਨ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਸਿੰਘ ਰੂੜੇਕੇ ਕਲਾਂ ਨੇ ਦੱਸਿਆ ਕਿ ਪੱਖੋ ਕਲਾਂ ਵਿੱਚ ਬਰਨਾਲਾ-ਮਾਨਸਾ ਮਾਰਗ ਦੀਆਂ ਸਾਈਡਾਂ ’ਤੇ ਖੜ੍ਹੇ ਸਰਕਾਰੀ ਹਰੇ ਭਰੇ ਦਰਜਨਾਂ ਰੁੱਖ ਅਤੇ ਰੂੜੇਕੇ ਕਲਾਂ ਤੋਂ ਕਾਹਨੇਕੇ ਨੂੰ ਜਾਂਦੇ ਮਾਰਗ ਦੀਆਂ ਸਾਈਡਾਂ ’ਤੇ ਮਗਨਰੇਗਾ ਸਕੀਮ ਤਹਿਤ ਲਗਾਏ ਦਰਜਨਾਂ ਬੂਟੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਣ ਵਿਭਾਗ ਦੇ ਅਧਿਕਾਰੀ ਰੁੱਖਾਂ ਨੂੰ ਬਚਾਉਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ, ਵਣ ਵਿਭਾਗ ਪੰਜਾਬ ਅਤੇ ਬਰਨਾਲੇ ਦੇ ਡੀ ਸੀ ਤੋਂ ਮੰਗ ਕੀਤੀ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਮਾਰਗਾਂ ਦੀਆਂ ਸਾਈਡਾਂ ’ਤੇ ਖੜ੍ਹੇ ਸਰਕਾਰੀ ਰੁੱਖਾਂ ਦੇ ਅੱਗ ਨਾਲ ਹੋਏ ਨੁਕਸਾਨ ਸਬੰਧੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਦਸ ਹਜ਼ਾਰ ਨਵਾ ਬੂਟਾ ਲਗਾ ਕੇ ਸੰਭਾਲ ਕੀਤੀ ਜਾਵੇ।

