ਪ੍ਰਧਾਨਗੀ ਪਿੱਛੇ ਵੱਡੇ ਕਾਂਗਰਸੀਆਂ ਨੂੰ ਝਟਕਾ
ਲੰਮੀ ਉਡੀਕ ਅਤੇ ਕਾਂਗਰਸ ਹਾਈ ਕਮਾਂਡ ਵੱਲੋਂ ਸੂਬੇ ਭਰ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਦੀ ਸੂਚੀ ਜਾਰੀ ਕਰਨ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਨੂੰ ਨਵਾਂ ਪ੍ਰਧਾਨ ਨਹੀਂ ਮਿਲਿਆ ਹੈ। ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ ਵਿੱਚ ਮੌਜੂਦਾ ਪ੍ਰਧਾਨ ਤੋਂ ਲੈ ਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਦਰਜਨਾਂ ਸਿਰਕੱਢ ਨੇਤਾਵਾਂ ਦਾ ਜ਼ੋਰ ਲੱਗਿਆ ਹੋਇਆ ਹੈ। ਬੀਤੇ ਦਿਨੀਂ ਦੇਰ ਸ਼ਾਮ ਜਦੋਂ ਪਾਰਟੀ ਹਾਈਕਮਾਂਡ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਤਾਂ ਉਸ ਵਿੱਚ ਮਾਨਸਾ ਦਾ ਨਾਮ ਨਾ ਹੋਣ ਕਰਕੇ ਸਭ ਹੱਕੇ-ਬੱਕੇ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਪ੍ਰਧਾਨਗੀ ਦੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਨੂੰ ਵਿਚਾਰ ਅਧੀਨ ਰੱਖ ਲਿਆ ਗਿਆ ਹੈ।
ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਦੇ ਹੋਏ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਰਾਜ ਦੇ 27 ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਕਈ ਵਿਧਾਇਕਾਂ ਅਤੇ ਕਈ ਸਾਬਕਾ ਵਿਧਾਇਕਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਹੈ, ਜਦੋਂ ਕਿ ਪੰਜਾਬ ਵਿੱਚ ਸਿਰਫ਼ ਮਾਨਸਾ ਅਤੇ ਮਾਲੇਰਕੋਟਲਾ ਨੂੰ ਹੀ ਜ਼ਿਲ੍ਹਾ ਪ੍ਰਧਾਨ ਨਹੀਂ ਮਿਲੇ ਹਨ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰਧਾਨਗੀ ਲਈ ਬੇਸ਼ੱਕ ਪਹਿਲਾਂ ਹੋਈਆਂ ਚੋਣਾਂ ਵਿੱਚ ਵੀ ਖਿੱਚੋਤਾਣ ਚੱਲਦੀ ਰਹੀ, ਪਰ ਇਸ ਵਾਰ ਜ਼ਿਲ੍ਹਾ ਪ੍ਰਧਾਨਗੀ ਹਾਸਲ ਕਰਨ ਲਈ ਕਈਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ। ਨਵੇਂ ਅਤੇ ਪੁਰਾਣੇ ਦਰਜਨਾਂ ਨੇਤਾਵਾਂ ਨੇ ਫਾਰਮ ਭਰਕੇ ਪਾਰਟੀ ਹਾਈਕਮਾਂਡ ਨੂੰ ਸੌਂਪੇ ਅਤੇ ਆਪਣੇ-ਆਪ ਨੂੰ ਪ੍ਰਧਾਨਗੀ ਲਈ ਯੋਗ ਦੱਸਦਿਆਂ ਪਾਰਟੀ ਪਾਸੋਂ ਪ੍ਰਧਾਨਗੀ ਮੰਗੀ ਹੈ। ਕਰੀਬ ਇੱਕ ਮਹੀਨਾ ਪਹਿਲਾਂ ਪਾਰਟੀ ਦੇ ਆਬਜ਼ਰਵਰ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਬਰੇਟਾ, ਭੀਖੀ ਆਦਿ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਦੇ ਰਹੇ। ਉਨ੍ਹਾਂ ਨੇ ਇਸ ਦੌਰਾਨ ਜ਼ਿਲ੍ਹਾ ਪ੍ਰਧਾਨਗੀ ਦੇ ਦਾਅਵੇਦਾਰਾਂ ਲਈ ਪ੍ਰਤੀਕਰਮ ਵੀ ਇਕੱਠੇ ਕੀਤੀ। ਉਨ੍ਹਾਂ ਦੀ ਮੀਟਿੰਗ ਦੌਰਾਨ ਕਈ ਨੇਤਾਵਾਂ ਵੱਲੋਂ ਆਪਣਾ ਦਮ-ਖ਼ਮ ਵਿਖਾਉਣ ਲਈ ਵੱਖਰੇ ਇਕੱਠ ਵੀ ਬੁਲਾਏ ਗਏ ਪਰ ਆਬਜ਼ਰਵਰ ਦੀ ਘੁਰਕੀ ਤੋਂ ਬਾਅਦ ਸਭ ਨੂੰ ਇੱਕ ਥਾਂ ਇਕੱਠੇ ਹੋਣਾ ਪਿਆ। ਆਬਜ਼ਰਵਰ ਨੇ ਦੱਸਿਆ ਸੀ ਕਿ ਉਹ ਪਾਰਟੀ ੳਮੀਦਵਾਰਾਂ ਸਬੰਧੀ ਵੇਰਵੇ ਲੈ ਕੇ ਹਾਈ ਕਮਾਂਡ ਨੂੰ ਸੌਂਪਣਗੇ ਅਤੇ ਹਾਈ ਕਮਾਂਡ ਵੱਲੋਂ ਆਉਂਦੇ ਦਿਨਾਂ ਵਿੱਚ ਜ਼ਿਲ੍ਹਾ ਪ੍ਰਧਾਨਗੀ ਦਾ ਨਾਮ ਐਲਾਨਿਆ ਜਾਵੇਗਾ। ਪਾਰਟੀ ਦੇ ਇੱਕ ਸੀਨੀਅਰ ਨੇਤਾ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਵਾਰ ਪਾਰਟੀ ਦੀ ਜ਼ਿਲ੍ਹਾ ਪ੍ਰਧਾਨਗੀ ਲਈ ਦਾਅਵੇਦਾਰਾਂ ਦਾ ਹੜ੍ਹ ਆ ਗਿਆ ਹੈ।
