ਪੱਤਰ ਪ੍ਰੇਰਕ
ਮਾਨਸਾ, 26 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜਾਅਲੀ ਐਸ.ਸੀ/ ਬੀ.ਸੀ ਸਰਟੀਫਿਕੇਟ ਬਣਾ ਕੇ ਦਲਿਤਾਂ ਦੇ ਹਿੱਸੇ ਦੀਆਂ ਰਾਖਵੀਆਂ ਨੌਕਰੀਆਂ ਲੈਣ ਵਾਲੇ ਰਿਜ਼ਰਵੇਸ਼ਨ ਚੋਰਾਂ ਨੂੰ ਗ੍ਰਿਫ਼ਤਾਰ ਕਰਾਉਣ ਅਤੇ ਸਮਾਜਿਕ ਜਬਰ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਸਮਾਜਿਕ ਏਕਤਾ ਲਹਿਰ ਦੀ ਮਜ਼ਬੂਤੀ ਬੇਹੱਦ ਲਾਜ਼ਮੀ ਹੈ। ਉਹ ਮਾਨਸਾ ਵਿੱਚ ਜ਼ਿਲ੍ਹਾ ਪੱਧਰੀ ਮਜ਼ਦੂਰ ਸਮਾਜ ਏਕਤਾ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸੂਬਾ ਪ੍ਰਧਾਨ ਭਗਵੰਤ ਸਮਾਓ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਆਮ ਲੋਕਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਅੱਜ ਸਰਕਾਰਾਂ ਦੀਆਂ ਲੁੱਟ ਅਤੇ ਜ਼ਬਰ ਦੀਆਂ ਨੀਤੀਆਂ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਏਕਤਾ ਤਾਕਤ ਖੜੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜਥੇਬੰਦੀ ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜ਼ਿਲ੍ਹਾ ਸਕੱਤਰ ਮਨਜੀਤ ਕੌਰ ਜੋਗਾ ਦੇ ਨਾਲ 9 ਜ਼ਿਲ੍ਹਾ ਮੀਤ ਪ੍ਰਧਾਨ, 7 ਜ਼ਿਲ੍ਹਾ ਸਹਾਇਕ ਸਕੱਤਰ ਸਮੇਤ ਜ਼ਿਲ੍ਹਾ ਖ਼ਜ਼ਾਨਚੀ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਪ੍ਰੈਸ ਸਕੱਤਰ ਪ੍ਰਦੀਪ ਗੁਰੂ ਨੂੰ ਚੁਣਿਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਨੰਦਗੜ੍ਹ, ਰਣਜੀਤ ਸਿੰਘ ਝੁਨੀਰ ਤੇ ਭੋਲਾ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ।