ਕਰੋੜਾਂ ਰੁਪਏ ਦੀ ਲਾਗਤ ਵਾਲਾ ਜ਼ਿਲ੍ਹਾ ਆਯੂਸ਼ ਹਸਪਤਾਲ ਬਣਿਆ 'ਸਫੈਦ ਹਾਥੀ'
ਕੇਂਦਰੀ ਯੋਜਨਾ ਤਹਿਤ ਬਣਿਆ ਹਸਪਤਾਲ ਅਤੇ ਕੇਂਦਰ ਵੱਲੋਂ ਨਹੀਂ ਮਿਲੀ ਪ੍ਰਵਾਨਗੀ !
ਫਿਰੋਜ਼ਪੁਰ-ਮੋਗਾ ਮੁੱਖ ਸੜਕ ਉੱਤੇ ਸਥਿਤ ਪਿੰਡ ਦੁੱਨੇਕੇ ਨੇੜੇ ਕੇਂਦਰੀ ਯੋਜਨਾ ਤਹਿਤ ਸਥਾਪਤ ਆਯੂਸ਼ ਹਸਪਤਾਲ ਸਫੈਦ ਹਾਥੀ ਬਣਦਾ ਜਾ ਰਿਹਾ ਹੈ। ਛੇ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਹਸਪਤਾਲ ਦੀ ਆਲੀਸ਼ਾਨ ਇਮਾਰਤ ਦੀ ਚਮਕ ਸਾਂਭ-ਸੰਭਾਲ ਖੁਣੋਂ ਧੁੰਦਲੀ ਪੈਣ ਲੱਗੀ ਹੈ। ਕੇਂਦਰ ਸਰਕਾਰ ਨੇ ਕਰੋਨਾ ਕਾਲ ਤੋਂ ਪਹਿਲਾਂ ਪੰਜਾਬ ਦੇ ਦੋ ਸ਼ਹਿਰਾਂ ਮੋਗਾ ਅਤੇ ਮੁਹਾਲੀ ਵਿੱਚ ਉੱਚ ਸਿਹਤ ਸਹੂਲਤਾਂ ਨਾਲ ਲੈਸ ਵੱਡੇ ਆਯੂਸ਼ ਹਸਪਤਾਲਾਂ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਇਨ੍ਹਾਂ ਦੇ ਨਿਰਮਾਣ ਲਈ 12 ਕਰੋੜ ਰੁਪਏ ਤੋਂ ਉੱਪਰ ਦੀ ਰਾਸ਼ੀ ਮੁਹੱਈਆ ਕਰਵਾਈ ਸੀ। ਕਰੋਨਾ ਦੌਰਾਨ ਇਨ੍ਹਾਂ ਹਸਪਤਾਲਾਂ ਦਾ ਕੰਮ ਪੱਛੜ ਗਿਆ ਸੀ, ਪਰ ਬਾਅਦ ਵਿੱਚ ਮੋਗਾ ਦੇ ਹਸਪਤਾਲ ਦਾ ਕੰਮ ਮੁਕੰਮਲ ਹੋ ਗਿਆ ਅਤੇ ਇਸ ਵਿੱਚ ਲੋੜੀਂਦਾ ਕੁਝ ਸਾਜ਼ੋ-ਸਾਮਾਨ ਵੀ ਪੁੱਜ ਗਿਆ। ਇਨ੍ਹਾਂ ਆਯੂਸ਼ ਹਸਪਤਾਲਾਂ ਵਿੱਚ ਪੰਜ ਤਰ੍ਹਾਂ ਦੀਆਂ ਸੇਵਾਵਾਂ (ਆਯੁਰਵੈਦਿਕ, ਯੂਨਾਨੀ, ਹੋਮਿਓਪੈਥੀ, ਯੋਗਾ ਅਤੇ ਸਿੱਧਾ) ਮੁਹੱਈਆ ਕਰਵਾਈਆਂ ਜਾਣੀਆਂ ਸਨ, ਪਰ ਮੁਹਾਲੀ ਹਸਪਤਾਲ ਦਾ ਕੰਮ ਮੁਕੰਮਲ ਨਾ ਹੋਣ ਸਦਕਾ ਕੇਂਦਰ ਸਰਕਾਰ ਨੇ ਮੋਗਾ ਦੇ ਹਸਪਤਾਲ ਨੂੰ ਵੀ ਸ਼ੁਰੂ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ।
ਸਟਾਫ਼ ਦੀ ਘਾਟ ਅਤੇ ਡੰਗ ਟਪਾਊ ਸਿਹਤ ਸੇਵਾਵਾਂ
ਸਥਿਤੀ ਇਹ ਹੈ ਕਿ ਹਸਪਤਾਲ ਦੀ ਆਲੀਸ਼ਾਨ ਇਮਾਰਤ ਦੀ ਚਮਕ ਫਿੱਕੀ ਪੈਣ ਲੱਗੀ ਹੈ। ਹਸਪਤਾਲ ਦੀ ਦੇਖਭਾਲ ਕਰਨ ਲਈ ਨਾ ਤਾਂ ਕੋਈ ਚੌਕੀਦਾਰ ਹੈ ਅਤੇ ਨਾ ਹੀ ਕੋਈ ਸੁਰੱਖਿਆ ਮੁਲਾਜ਼ਮ ਹੈ। ਬਦਲਵੇਂ ਪ੍ਰਬੰਧਾਂ ਤਹਿਤ ਦਰਜਾ-ਚਾਰ ਮੁਲਾਜ਼ਮਾਂ ਦੀ ਫ਼ਰੀਦਕੋਟ ਅਤੇ ਫਿਰੋਜ਼ਪੁਰ ਤੋਂ ਇੱਥੇ ਆਰਜ਼ੀ ਡਿਊਟੀ ਜ਼ਰੂਰ ਲੱਗੀ ਹੋਈ ਹੈ। ਹਸਪਤਾਲ ਵਿੱਚ ਕੁੱਲ 65 ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਜਾਣੀ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਸ ਵੇਲੇ ਦੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੀ ਮੰਗ 'ਤੇ ਤਤਕਾਲੀ ਸਿਹਤ ਮੰਤਰੀ ਓ.ਪੀ. ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਵਿਭਾਗ ਨੇ ਇਮਾਰਤ ਵਿੱਚ ਆਪਣੀ ਇੱਕ ਡਿਸਪੈਂਸਰੀ ਨੂੰ ਤਬਦੀਲ ਕਰਕੇ ਹਸਪਤਾਲ ਨੂੰ ਚਾਲੂ ਕਰ ਦਿੱਤਾ ਸੀ। ਉਸ ਵੇਲੇ ਤੋਂ ਲੈ ਕੇ ਅੱਜ ਤੱਕ ਹਸਪਤਾਲ ਡੰਗ ਟਪਾਊ ਸਿਹਤ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਬਾਅਦ ਵਿੱਚ ਇੱਥੇ ਹੋਮਿਓਪੈਥੀ ਡਾਕਟਰ ਦੀ ਆਰਜ਼ੀ ਡਿਊਟੀ ਵੀ ਲਗਾ ਦਿੱਤੀ ਗਈ ਸੀ।
ਮਾਮੂਲੀ ਓ.ਪੀ.ਡੀ. ਅਤੇ ਅਧਿਕਾਰੀਆਂ ਦੇ ਯਤਨ
ਕੇਂਦਰ ਦੀ ਮਨਜ਼ੂਰੀ ਨੂੰ ਉਡੀਕ ਰਹੇ ਇਸ ਆਯੂਸ਼ ਹਸਪਤਾਲ ਵਿੱਚ ਦਿਨ ਭਰ ਵਿੱਚ ਮਹਿਜ਼ ਦਰਜਨ ਭਰ ਲੋਕ ਹੀ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਵੈਸੇ ਹਸਪਤਾਲ ਅੰਦਰ ਸਾਰੇ ਤਰ੍ਹਾਂ ਦੇ ਵਿੰਗ ਸਥਾਪਤ ਕਰਕੇ ਤਖ਼ਤੀਆਂ ਲਟਕਦੀਆਂ ਦੇਖੀਆਂ ਜਾ ਸਕਦੀਆਂ ਹਨ। ਹਸਪਤਾਲ ਵਿੱਚ ਤਾਇਨਾਤ ਡਾਕਟਰ ਭੁਪਿੰਦਰਪਾਲ ਸਿੰਘ ਗਿੱਲ ਅਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਹ ਇੱਥੇ ਆਰਜ਼ੀ ਪ੍ਰਬੰਧਾਂ ਤਹਿਤ ਅਤੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਬੇਰੁੱਖੀ ਸਦਕਾ ਇੱਥੇ ਓ.ਪੀ.ਡੀ. ਨਾਮਾਤਰ ਹੈ। ਉਨ੍ਹਾਂ ਦੱਸਿਆ ਕਿ ਉਹ ਇੱਥੇ ਢਾਈ ਵਰ੍ਹਿਆਂ ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੇ ਹਨ, ਲੇਕਿਨ ਪ੍ਰਬੰਧਾਂ ਦੀ ਘਾਟ ਉਨ੍ਹਾਂ ਲਈ ਮੁੱਖ ਮੁੱਦਾ ਹੈ। ਇਸ ਸਬੰਧੀ ਮੈਡੀਕਲ ਸੁਪਰਡੈਂਟ ਡਾ. ਪਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਹਸਪਤਾਲ ਨੂੰ ਬਕਾਇਦਾ ਚਾਲੂ ਕਰਵਾਉਣ ਲਈ ਯਤਨਸ਼ੀਲ ਹਨ। ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੂੰ ਬਕਾਇਦਾ ਚਿੱਠੀ-ਪੱਤਰ ਭੇਜਿਆ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਮੁਹਾਲੀ ਹਸਪਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਇਨ੍ਹਾਂ ਦੋਵਾਂ ਹਸਪਤਾਲਾਂ ਨੂੰ ਇੱਕੋ ਵੇਲੇ ਸ਼ੁਰੂ ਕਰਨਾ ਚਾਹੁੰਦੀ ਹੈ।

