ਪੰਜਾਬ ਦੇ ਸਾਂਝੇ ਮੁੱਦਿਆਂ ਸਬੰਧੀ ਸਾਂਝਾ ਪੰਜਾਬ ਮੋਰਚਾ ਵੱਲੋਂ ਅੱਜ ਮਾਨਸਾ ਵਿੱਚ ਕਨਵੈਨਸਨ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਸੂਬਾ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ, ਅਵਤਾਰ ਸਿੰਘ ਮਹਿਮਾ, ਮਹਿਮਾ ਸਿੰਘ, ਡਾ. ਗੁਰਮੇਲ ਸਿੰਘ ਮਾਛੀਕੇ ਤੇ ਜੁਗਰਾਜ ਸਿੰਘ ਗੋਰਖਨਾਥ ਨੇ ਕੀਤੀ। ਇਸ ਦੌਰਾਨ ਪੰਜਾਬ ਦੇ ਸਾਂਝੇ ਮਸਲਿਆਂ ’ਤੇ ਚਰਚਾ ਕੀਤੀ ਗਈ। ਪ੍ਰੋਗਰਾਮ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੇ ਅਧਿਕਾਰਾਂ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ, ਫ਼ਸਲਾਂ ਦੇ ਭਾਅ ਅਤੇ ਖ਼ਰੀਦ ਦੀ ਗਾਰੰਟੀ, ਨੌਜਵਾਨਾਂ ਲਈ ਰੁਜ਼ਗਾਰ, ਆਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ, ਦਲਿਤ ਮਜ਼ਦੂਰਾਂ ਦੇ ਜ਼ਮੀਨੀ ਹੱਕ, ਮੁਲਾਜ਼ਮਾਂ ਦੇ ਬਕਾਏ, ਨਰੇਗਾ ਅਤੇ ਮੁਫ਼ਤ ਮਿਆਰੀ ਸਿਹਤ ਤੇ ਸਿੱਖਿਆ ਸਮੇਤ ਕਈ ਮੁੱਦਿਆਂ ’ਤੇ ਸਾਂਝੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਵੱਖ-ਵੱਖ ਕਰਕੇ ਨਹੀਂ, ਸਗੋਂ ਸਾਂਝੇ ਤੌਰ ’ਤੇ ਉਠਾਉਣ ਦੀ ਲੋੜ ਹੈ। ਇਸ ਲਈ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਹੋਰ ਲੋਕਪੱਖੀ ਜਥੇਬੰਦੀਆਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਕੇ ਅੱਗੇ ਦੀ ਰਣਨੀਤੀ ਤਿਆਰ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਭਾਰਤ ਦੇ ਸੰਘੀ ਢਾਂਚੇ, ਪੰਜਾਬ ਦੇ ਅਧਿਕਾਰਾਂ, ਪਾਣੀਆਂ ਦੀ ਵੰਡ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਸਾਂਝਾ ਪੰਜਾਬ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਾਂਝੇ ਮੁੱਦਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਜਥੇਬੰਦੀਆਂ ਨਾਲ ਸੰਵਾਦ ਕੀਤਾ ਜਾਵੇਗਾ। ਮੰਚ ਸੰਚਾਲਨ ਸਾਥੀ ਭਜਨ ਸਿੰਘ ਮਾਨਸਾ ਨੇ ਕੀਤਾ। ਇਸ ਮੌਕੇ ਸ਼ਿਵਚਰਨ ਮਾਨਸਾ, ਬਲਵੀਰ ਸਿੰਘ ਭੈਣੀ ਮਾਨਸਾ, ਉਜਾਗਰ ਸਿੰਘ, ਜੀਵਨ ਸਿੰਘ, ਜੀਵਨ ਸਿੰਘ ਗੋਹਲੇਵਾਲ ਤੇ ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ।

