ਪਵਨ ਗੋਇਲ
ਭੁੱਚੋ ਮੰਡੀ, 12 ਸਤੰਬਰ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਪਾਵਰ ਕਲੋਨੀ ਦੇ ਦੋ ਕੁਆਰਟਰਾਂ ਵਿੱਚੋਂ ਸੁਰੱਖਿਆ ਦੇ ਬਾਵਜੂਦ 17 ਤੋਲੇ ਸੋਨਾ ਅਤੇ 65 ਹਜ਼ਾਰ ਦੀ ਨਗ਼ਦੀ ਚੋਰੀ ਹੋਣ ਮਗਰੋਂ ਰੋਹ ਵਿੱਚ ਆਏ ਕਲੋਨੀ ਵਾਸੀਆਂ ਨੇ ਔਰਤਾਂ ਸਣੇ ਥਰਮਲ ਦੇ ਮੁੱਖ ਇੰਜਨੀਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਅਨੁਸਾਰ ਥਰਮਲ ਦੇ ਐਸਈ ਹੈਡਕੁਆਰਟਰ ਸੁਮੇਸ਼ ਜਿੰਦਲ, ਐਸਈ ਮਕੈਨੀਕਲ-2 ਪਰਮਪਾਲ ਸਿੰਘ ਜੌਹਲ ਅੇ ਐਕਸੀਅਨ ਵਰਕਸ ਸੁਨੀਲ ਸਹਿਮਾਰ ਨਾਲ ਮੀਟਿੰਗਾਂ ਬੇਸਿੱਟਾ ਰਹੀਆਂ।
ਇਸ ਮੌਕੇ ਬਲਜੀਤ ਸਿੰਘ ਬਰਾੜ, ਰਵੀਪਾਲ ਸਿੰਘ ਸਿੱਧੂ, ਜਗਜੀਤ ਸਿੰਘ ਕੋਟਲੀ ਆਦਿ ਨੇ ਕਿਹਾ ਕਿ ਚੋਰ ਦਸ ਸਤੰਬਰ ਦੀ ਰਾਤ ਨੂੰ ਪਰਮਜੀਤ ਸਿੰਘ ਸੈਣੀ ਦੇ ਕੁਆਰਟਰ ਵਿੱਚੋਂ 12 ਤੋਲੇ ਸੋਨਾ ਅਤੇ 25 ਹਜ਼ਾਰ ਰੁਪਏ ਅਤੇ ਸੇਵਾਦਾਰ ਨਸੀਬ ਕੌਰ ਦੇ ਕੁਆਰਟਰ ਵਿੱਚੋਂ ਪੰਜ ਤੋਲੇ ਸੋਨਾ ਅਤੇ 40 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਕਲੋਨੀ ਦੇ ਗੇਟਾਂ ’ਤੇ ਪੈਸਕੋ ਕੰਪਨੀ ਦੀ ਸਕਿਉਰਿਟੀ ਦੇ ਬਾਵਜੂਦ ਵਾਰ ਵਾਰ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਫਸਰਾਂ ਨੇ ਆਪਣੇ ਘਰਾਂ ਦੁਆਲੇ ਸਖਤ ਸੁਰੱਖਿਆ ਲਗਾਈ ਹੋਈ ਹੈ, ਪਰ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਇਸ ਸਬੰਧੀ ਥਰਮਲ ਦੇ ਮੁੱਖ ਇੰਜਨੀਅਰ ਐਮਆਰ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਉਹ ਗੋਆ ਟੂਰ ’ਤੇ ਗਏ ਹੋਏ ਹਨ। ਥਰਮਲ ਦੇ ਐਸਈ ਹੈੱਡਕੁਆਰਟਰ ਸੁਮੇਸ਼ ਜਿੰਦਲ ਨੇ ਕਿਹਾ ਕਿ ਮੁੱਖ ਇੰਜਨੀਅਰ ਦੀ ਕੋਠੀ ਕੋਲ ਇੱਕ ਮੁਲਾਜ਼ਮ ਜ਼ਰੂਰ ਵੱਧ ਲਗਾਇਆ ਹੋਇਆ ਹੈ, ਬਾਕੀ ਸਾਰੀ ਕਲੋਨੀ ਵਿੱਚ ਇੱਕੋ ਜਿਹੀ ਸੁਰੱਖਿਆ ਹੈ। ਭੁੱਚੋ ਪੁਲੀਸ ਚੌਕੀ ਇੰਚਾਰਜ਼ ਗੁਰਮੇਜ ਸਿੰਘ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।