
ਏਡੀਸੀ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਹੋੲੇ ਮਜ਼ਦੂਰ। -ਫੋਟੋ: ਜੱਸ
ਪੱਤਰ ਪ੍ਰੇਰਕ
ਫ਼ਰੀਦਕੋਟ, 18 ਮਾਰਚ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰਣ ਸਿੰਘ ਵਾਲਾ ਦੇ ਮਨਰੇਗਾ ਮਜ਼ਦੂਰਾਂ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਏ.ਡੀ.ਸੀ. (ਵਿਕਾਸ) ਫਰੀਦਕੋਟ ਸਾਹਮਣੇ ਦਿੱਤਾ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ, ਪਰਮਜੀਤ ਕੌਰ ਰਣ ਸਿੰਘ ਵਾਲਾ ਅਤੇ ਭਰਾਤਰੀ ਜਥੇਬੰਦੀ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਰਣ ਸਿੰਘ ਵਾਲਾ ਦੇ ਮਗਨਰੇਗਾ ਮਜ਼ਦੂਰਾਂ ਵੱਲੋਂ ਲੰਬੇ ਸਮੇਂ ਤੋਂ ਕੀਤੇ ਕੰਮ ਦੇ ਪੈਸੇ ਨਾ ਮਿਲਣ, ਲਗਾਤਾਰ ਕੰਮ ਨਾ ਮਿਲਣ ਅਤੇ ਮਜ਼ਦੂਰ ਔਰਤਾਂ ਨਾਲ ਬਦਸਲੂਕੀ ਹੋਣ ਸੰਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਪਰ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਮਜ਼ਦੂਰਾਂ ਦਾ ਹੋਰ ਸ਼ੋਸ਼ਣ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮਗਨਰੇਗਾ ਮਜ਼ਦੂਰਾਂ ਦੀ ਕੁੱਟਮਾਰ ਹੋਣ ਸਬੰਧੀ ਥਾਣਾ ਜੈਤੋ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਆਗੂ ਗੋਰਾ ਸਿੰਘ ਮੱਤਾ ਨੇ ਕਿਹ ਕਿ ਜੇਕਰ ਮਗਨਰੇਗਾ ਸਕੀਮ ਨੂੰ ਸਹੀ ਰੂਪ ਵਿੱਚ ਪਾਰਦਰਸ਼ੀ ਤਰੀਕੇ ਨਾਲ ਨਹੀਂ ਚਲਾਇਆ ਜਾਂਦਾ ਅਤੇ ਮਜ਼ਦੂਰਾਂ ਨਾਲ ਹੁੰਦੀ ਧੱਕੇਸ਼ਾਹੀ ਨਾ ਰੋਕੀ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਧਰਨੇ ਦੌਰਾਨ ਏਡੀਸੀ ਲਖਵਿੰਦਰ ਸਿੰਘ ਰੰਧਾਵਾ ਵੱਲੋਂ ਮਜ਼ਦੂਰਾਂ ਦਾ ਕੰਮ ਥੋੜ੍ਹੇ ਦਿਨਾਂ ਤੱਕ ਚਲਾਉਣ, ਪੱਖਪਾਤ ਕਰਨ ਵਾਲੇ ਗ੍ਰਾਮ ਸੇਵਕ ਨੂੰ ਬਦਲਣ, ਬੀਡੀਪੀਓ ਨੂੰ ਲਿਖਤੀ ਚਿੱਠੀ ਕੱਢਣ ਦੇ ਭਰੋਸੇ ਬਾਅਦ ਮਜ਼ਦੂਰਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ