
ਧਾਗਾ ਫੈਕਟਰੀ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ।
ਪਰਮਜੀਤ ਸਿੰਘ
ਫਾਜਿਲਕਾ, 9 ਦਸੰਬਰ
ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਧਾਗਾ ਫੈਕਟਰੀ ਚੱਕ ਸੈਦੋਕੇ ਦੇ ਮੁੱਖ ਗੇਟ ’ਤੇ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਦੇ ਗੁਰਦਿਆਲ ਸਿੰਘ ਨੇ ਇਸ ਫੈਕਟਰੀ ’ਚ ਉਸਾਰੀ ਦਾ ਕੰਮ ਕੀਤਾ ਸੀ, ਪਰ ਮਜ਼ਦੂਰ ਨੂੰ ਮਜ਼ਦੂਰੀ ਦੇਣ ਵੇਲੇ ਫੈਕਟਰੀ ਮਾਲਕ ਤੈਅ ਰੇਟ ਤੋਂ ਆਨਾਕਾਨੀ ਕਰ ਗਿਆ ਸੀ। ਮਾਮਲੇ ਦਾ ਨੋਟਿਸ ਲੈਂਦਿਆਂ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਫੈਕਟਰੀ ਮਾਲਕ ਨੂੰ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੈਕਟਰੀ ਮਾਲਕ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸਦੇ ਰੋਸ ਵਜੋਂ ਅੱਜ ਫੈਕਟਰੀ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰੈੱਸ ਬਿਆਨ ’ਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਚੈਨ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਪ੍ਰਧਾਨ ਲਾਭ ਸਿੰਘ ਕਿਹਾ ਕਿ ਮਜ਼ਦੂਰ ਪਹਿਲਾਂ ਹੀ ਬੇਰੁਜਗਾਰੀ ਤੇ ਮਹਿੰਗਾਈ ਦੇ ਝੰਬੇ ਹੋਏ ਹਨ। ਇਸ ਤਰ੍ਹਾਂ ਮਜ਼ਦੂਰਾਂ ਦੀ ਕਿਰਤ ਲੁੱਟੀ ਜਾਣਾ ਬੇਹੱਦ ਮੰਦਭਾਗੀ ਗੱਲ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ, ਖੇਤਾ ਸਿੰਘ, ਮਨਦੀਪ ਸਿੰਘ ,ਡਾ ਸੁਖਪਾਲ ਸਿੰਘ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਲਖਵੰਤ ਕਿਰਤੀ, ਕੁਲਵੰਤ ਸਿੰਘ ਨੇ ਕਿਹਾ ਕਿ ਮਜ਼ਦੂਰ ਜਮਾਤ ਪਹਿਲਾਂ ਹੀ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੀ ਹੈ। ਅੱਜ ਲੋਕ ਰੋਹ ਅੱਗੇ ਝੁਕਦਿਆਂ ਫੈਕਟਰੀ ਮਾਲਕ ਵੱਲੋਂ ਗੁਰਦਿਆਲ ਸਿੰਘ ਦਾ ਬਣਦਾ ਮਿਹਨਤਾਨਾ ਮੌਕੇ ’ਤੇ ਹੀ ਚੈੱਕ ਰਾਹੀਂ ਭੁਗਤਾਨ ਕੀਤਾ ਗਿਆ। ਇਸ ਤੋਂ ਬਾਅਦ ਨਾਅਰਿਆਂ ਦੀ ਗੂੰਜ ਨਾਲ ਧਰਨਾ ਸਮਾਪਤ ਕੀਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ