ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 27 ਨਵੰਬਰ
ਰੂੰ ਫੈਕਟਰੀ ਵਿੱਚ ਲੱਗੀ ਅੱਗ ਨਾਲ ਕਥਿਤ ਤੌਰ ’ਤੇ ਚਾਰ ਕਰੋੜ ਦੇ ਨੁਕਸਾਨ ਦੇ ਮਾਮਲੇ ਦੀ ਜਾਂਚ ਹੁਣ ਪੁਲੀਸ ਨੇ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਨੇ ਅਬੋਹਰ ਦੇ ਸਨਅਤਕਾਰ ਆਰਡੀ ਗਰਗ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਫਾਜ਼ਿਲਕਾ ਜ਼ਿਲ੍ਹੇ ਦੇ ਐਸਐਸਪੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਐੱਸਐੱਸਪੀ ਫਾਜ਼ਿਲਕਾ ਹਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੀਜੀਪੀ ਦੇ ਹੁਕਮਾਂ ’ਤੇ ਫਾਜ਼ਿਲਕਾ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਡੀਐੱਸਪੀ (ਡਿਟੈਕਟਿਵ) ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਹੈ। ਜ਼ਿਕਰਯੋਗ ਹੈ ਦੀਵਾਲੀ ਤੋਂ ਅਗਲੀ ਤੜਕੇ ਕਰੀਬ ਤਿੰਨ ਵਜੇ ਅਬੋਹਰ ਦੀ ਫਾਜ਼ਿਲਕਾ ਰੋਡ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਸਥਾਪਿਤ ਕਾਟਨ ਫੈਕਟਰੀ ਬਾਂਸਲ ਇੰਡਸਟਰੀ ਵਿੱਚ ਅੱਗ ਲੱਗ ਗਈ ਸੀ ਮੌਕੇ ’ਤੇ ਫੈਕਟਰੀ ਵੱਲੋਂ ਅੱਗ ਬੁਝਾਉਣ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਦਾ ਮਾਮਲਾ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ।