ਆਂਡਿਆਂ ਦੇ ਭਾਅ ਵਧਣ ਦੇ ਬਾਵਜੂਦ ਪੋਲਟਰੀ ਫਾਰਮ ਹੋ ਰਹੇ ਨੇ ਫੇਲ੍ਹ
ਸਰਦੀ ਸ਼ੁਰੂ ਹੁੰਦਿਆਂ ਹੀ ਭਾਵੇਂ ਇਸ ਵਾਰ ਆਂਡਿਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਮੁਰਗੀ ਫਾਰਮਾਂ ਵਾਲਿਆਂ ਤੱਕ ਅਸਲ ਲਾਭ ਅਜੇ ਵੀ ਨਹੀਂ ਪੁੱਜਣ ਲੱਗਿਆ ਹੈ। ਖੇਤੀ ਵਿਭਿੰਨਤਾ ਵਾਲੇ ਇਸ ਧੰਦੇ ਵਿਚ ਸਰਕਾਰੀ ਬੇਰੁਖੀ...
ਸਰਦੀ ਸ਼ੁਰੂ ਹੁੰਦਿਆਂ ਹੀ ਭਾਵੇਂ ਇਸ ਵਾਰ ਆਂਡਿਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਮੁਰਗੀ ਫਾਰਮਾਂ ਵਾਲਿਆਂ ਤੱਕ ਅਸਲ ਲਾਭ ਅਜੇ ਵੀ ਨਹੀਂ ਪੁੱਜਣ ਲੱਗਿਆ ਹੈ। ਖੇਤੀ ਵਿਭਿੰਨਤਾ ਵਾਲੇ ਇਸ ਧੰਦੇ ਵਿਚ ਸਰਕਾਰੀ ਬੇਰੁਖੀ ਕਾਰਨ ਲੋਕਾਂ ਦਾ ਮੋਹ ਭੰਗ ਹੋਣ ਲੱਗਿਆ ਹੈ, ਜਿਸ ਕਾਰਨ ਬਹੁਤੇ ਮੁਰਗੀ ਫਾਰਮ ਬੰਦ ਹੋਣ ਕਾਰਨ ਆਂਡਿਆਂ ਦੇ ਥੋਕ ਭਾਅ ਵਿਚ ਵਾਧਾ ਹੋਇਆ ਹੈ, ਪਰ ਇਸ ਵਾਧੇ ਦਾ ਲਾਹਾ ਵਪਾਰੀ ਜ਼ਿਆਦਾ ਖੱਟਣ ਲੱਗੇ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਬੇਸ਼ੱਕ ਸਹਾਇਕ ਧੰਦੇ ਵਜੋਂ ਕਿਸਾਨਾਂ ਨੂੰ ਮੁਰਗੀ ਫਾਰਮ ਖੋਲ੍ਹਣ ਲਈ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਅੰਡੇ ਖਰੀਦਣ ਵਾਲੇ ਦੁਕਾਨਦਾਰ ਅਤੇ ਰੇਹੜੀ ਵਾਲੇ ਤਾਂ ਮੁਨਾਫ਼ਾ ਲੈ ਰਹੇ ਹਨ, ਪ੍ਰੰਤੂ ਅਸਲ ’ਚ ਆਂਡਿਆਂ ਨੂੰ ਪੈਦਾ ਕਰਨ ਵਾਲਾ ਬਹੁਤਾ ਲਾਭ ਨਹੀਂ ਕਮਾ ਰਿਹਾ ਹੈ, ਜਿਸ ਕਾਰਨ ਇਹ ਧੰਦਾ ਬੁਰੀ ਤਰ੍ਹਾਂ ਫੇਲ੍ਹ ਹੋਣ ਲੱਗਿਆ ਹੈ।
ਸੇਵਾ ਮੁਕਤ ਜ਼ਿਲ੍ਹਾ ਖੇਤੀ ਅਫ਼ਸਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਮੌਜੂਦਾ ਮੁਰਗੀ ਫਾਰਮਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਨਵੇਂ ਮੁਰਗੀ ਫਾਰਮ ਖੁੱਲ੍ਹਵਾਉਣ ਲਈ ਪੋਲਟਰੀ ਵਿਕਾਸ ਫੰਡ ਅਧੀਨ ਕੋਈ ਜ਼ਿਆਦਾ ਦਿਲਚਸਪੀ ਨਹੀਂ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੂਚਿਆਂ ਦੀਆਂ ਨਵੀਂਆਂ ਨਸਲਾਂ ਉਪਲਬੱਧ ਨਹੀਂ ਹੋ ਰਹੀਆਂ, ਪੋਲਟਰੀ ਸੈਡਾਂ ਤੇ ਫੀਡ ਲਈ ਵਿੱਤੀ ਸਹਾਇਤਾ ਨਹੀਂ ਮਿਲ ਰਹੀ ਅਤੇ ਉਦਮੀਆਂ ਨੂੰ ਧੰਦੇ ਸਬੰਧੀ ਸਿਖਲਾਈ ਦੀ ਵੱਡੀ ਘਾਟ ਹੈ ਅਤੇ ਇਸ ਸੰਬੰਧੀ ਸਬਸਿਡੀਆਂ ਬੰਦ ਹੋਈਆਂ ਪਈਆਂ ਹਨ। ਸਿੱਟੇ ਵਜੋਂ ਧੰਦੇ ਵਿਚੋਂ ਘੱਟਦੇ ਮੁਨਾਫ਼ੇ ਕਾਰਨ ਬਹੁਤ ਸਾਰੇ ਮੁਰਗੀ ਫਾਰਮ ਬੰਦ ਹੁੰਦੇ ਜਾ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਲਵਾ ਖੇਤਰ ’ਚ ਇਸੇ ਧੰਦੇ ਨਾਲ ਜੁੜੇ ਕਿਸਾਨਾਂ ਦਾ ਤਕਨੀਕੀ ਹੁਨਰ ਵਧਾਉਣ ਦਾ ਪ੍ਰੋਗਰਾਮ ਸੁੰਗੜਿਆ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਪੋਲਟਰੀ ਵਿਕਾਸ ਸੰਸਥਾ ਚੰਡੀਗੜ੍ਹ ਦੇ ਇਸ ਕਾਰਜ ਲਈ ਦਿਲਚਸਪੀ ਵਾਲੇ ਮੌਕੇ ਪ੍ਰਦਾਨ ਨਾ ਕਰਨ ਕਰਕੇ ਕਿਸਾਨਾਂ ਦਾ ਮੋਹ ਦਿਨੋਂ-ਦਿਨ ਇਸ ਕਾਰਜ ਨਾਲੋਂ ਘਟਦਾ ਜਾ ਰਿਹਾ ਹੈ। ਦੂਜੇ ਪਾਸੇ ਸਹਾਇਕ ਖੇਤੀ ਧੰਦੇ ਵਜੋਂ ਜਾਣੇ ਜਾਂਦੇ ਇਸ ਕਾਰੋਬਾਰ ਵਿਚ ਰੁਜ਼ਗਾਰ ਵੀ ਬਹੁਤ ਘੱਟ ਲੋਕਾਂ ਨੂੰ ਉਪਲਬੱਧ ਹੋ ਰਿਹਾ ਹੈ।

