ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਨੇ ‘ਮਗਨਰੇਗਾ ਐਕਟ-2005’ ਨੂੰ ਮੁੜ ਚਾਲੂ ਕਰਨ ਅਤੇ ‘ਜੀ ਰਾਮ ਜੀ’ ਨੂੰ ਰੱਦ ਕਰਨ ਦੀ ਮੰਗ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ। ਇਸ ਮੌਕੇ ਸੰਗਠਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਮੌੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਯੋਜਨਾ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਆਪਣਾ ਵਿੱਤੀ ਯੋਗਦਾਨ 90 ਤੋਂ ਘਟਾ ਕੇ 60 ਫੀਸਦੀ ਕਰਨ ਨਾਲ ਇਸ ਸਕੀਮ ਦਾ ਭੋਗ ਪਾਇਆ ਹੈ। ਉਨ੍ਹਾਂ ਕਿਹਾ ਕਿ ਸਕੀਮ ਦਾ ਨਾਮ ਬਦਲ ਕੇ ਮਗਨਰੇਗਾ ਵਿੱਚ ਹੁਣ ਤੱਕ ਦੇ ਕੀਤੇ ਕਥਿਤ ਘਪਲਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮਗਨਰੇਗਾ ਕਾਮਿਆਂ ਨੂੰ ਸਾਲ ’ਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਦੇਣ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ। ਸੰਗਠਨ ਦੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਨਵੇਂ ਕਾਨੂੰਨ ਨਾਲ ਰੁਜ਼ਗਾਰ ਗਾਰੰਟੀ ਕਾਨੂੰਨ ਕੇਂਦਰ ਦੀ ਮਨਮਰਜ਼ੀ ਉੱਪਰ ਨਿਰਭਰ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਨਵੇਂ ਕਾਨੂੰਨ ਨੂੰ ਰੱਦ ਕਰ ਕੇ ਪੁਰਾਣਾ ਮਗਨਰੇਗਾ ਸਕੀਮ ਬਹਾਲ ਰੱਖੀ ਜਾਵੇ।
ਇਸ ਮੌਕੇ ਸੂਬਾ ਕਮੇਟੀ ਆਗੂ ਰਮਨਦੀਪ ਕੌਰ, ਅਮਨਦੀਪ ਕੌਰ, ਬੱਬੂ ਕੌਰ, ਅਮਨਦੀਪ ਕੌਰ, ਬੇਅੰਤ ਕੌਰ ਸਮਨਦੀਪ ਕੌਰ, ਨਵਰੀਤ ਕੌਰ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਬੂਟਾ ਸਿੰਘ, ਬੇਅੰਤ ਸਿੰਘ, ਜਰਨੈਲ ਸਿੰਘ ਅਤੇ ਨਿੱਕੀ ਕੌਰ ਹਾਜ਼ਰ ਸਨ।

