ਪੱਤਰ ਪ੍ਰੇਰਕ
ਅਬੋਹਰ, 2 ਜੁਲਾਈ
ਨੇੜਲੇ ਪਿੰਡ ਧਰਾਂਗਵਾਲਾ ਦੇ ਵਸਨੀਕ ਅਤੇ ਢਾਣੀ ਕੜਾਕਾ ਸਿੰਘ ਦੇ ਡਿਪੂ ਹੋਲਡਰ ਸੋਨੂੰ ਪੁੱਤਰ ਭਗਵਾਨ ਦਾਸ ਨੂੰ ਸ਼ੁੱਕਰਵਾਰ ਰਾਤ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਸਰਕਾਰੀ ਮਸ਼ੀਨ ਖੋਹ ਕੇ ਲੈ ਗਏ। ਖੋਹੀ ਮਸ਼ੀਨ ਅੱਜ ਸਵੇਰੇ ਨੇੜਲੇ ਖੇਤਾਂ ਵਿੱਚੋਂ ਟੁੱਟੀ ਹੋਈ ਮਿਲੀ ਹੈ।
ਜ਼ੇਰੇ ਇਲਾਜ ਡਿਪੂ ਹੋਲਡਰ ਸੋਨੂੰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੇਰ ਸ਼ਾਮ ਢਾਣੀ ਕੜਾਕਾ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚ ਬੈਠਾ ਕਣਕ ਦੀਆਂ ਪਰਚੀਆਂ ਕੱਟ ਰਿਹਾ ਸੀ। ਇਸ ਦੌਰਾਨ ਉੱਥੇ ਆਏ ਦੀਪੂ ਨਾਂ ਦੇ ਨੌਜਵਾਨ ਨੇ ਉਸ ਨੂੰ ਪਹਿਲਾਂ ਪਰਚੀ ਕੱਟਣ ਲਈ ਕਿਹਾ। ਉਸ ਨੇ ਉਸ ਨੂੰ ਬਾਅਦ ਵਿੱਚ ਆਉਣ ਲਈ ਕਿਹਾ, ਜਿਸ ਮਗਰੋਂ ਉਹ ਉਥੋਂ ਚਲਾ ਗਿਆ। ਰਾਤ ਨੂੰ ਘਰ ਜਾਂਦੇ ਸਮੇਂ ਦੀਪੂ ਤੇ ਕੁਝ ਹੋਰਨਾਂ ਵਿਅਕਤੀਆਂ ਨੇ ਨਹਿਰ ਕੋਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ। ਢਾਣੀ ਵਾਸੀ ਰਾਜੂ ਅਤੇ ਪੰਚਾਇਤ ਮੈਂਬਰ ਰਾਜ ਸਿੰਘ ਨੇ ਉਸ ਨੂੰ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਧੱਕਾਮੁੱਕੀ ਕੀਤੀ ਤੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਚੱਲਣ ’ਤੇ ਡਿਪੂ ਹੋਲਡਰਾਂ ਨੇ ਇਕੱਠ ਕੀਤਾ। ਜ਼ਿਲ੍ਹਾ ਪ੍ਰਧਾਨ ਵਿਨੋਦ ਡੁੱਡੀ ਅਤੇ ਗੁਰਮੀਤ ਸਿੰਘ ਪ੍ਰਜਾਪਤੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਡਿਪੂ ਹੋਲਡਰਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਜ਼ਿਲ੍ਹੇ ਭਰ ਦੇ ਡਿਪੂ ਹੋਲਡਰ ਕਣਕ ਨਹੀਂ ਵੰਡਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਹ ਮਾਮਲਾ ਪੰਜਾਬ ਪੱਧਰ ’ਤੇ ਵੀ ਉਠਾਇਆ ਜਾਵੇਗਾ। ਡੀਪੂ ਹੋਲਡਰਾਂ ਦਾ ਵਫ਼ਦ ਡੀ.ਐਸ.ਪੀ. ਸੰਦੀਪ ਸਿੰਘ ਅਤੇ ਥਾਣਾ ਇੰਚਾਰਜ ਰਾਜਵੀਰ ਕੌਰ ਨੂੰ ਵੀ ਮਿਲਿਆ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।