
ਮਾਨਸਾ ਵਿੱਚ ਅਰਥੀ ਫੂਕਦੇ ਹੋਏ ਧਨੇਰ ਧੜੇ ਦੇ ਕਾਰਕੁਨ। -ਫੋਟੋ: ਮਾਨ
ਪੱਤਰ ਪ੍ਰੇਰਕ
ਮਾਨਸਾ, 18 ਮਾਰਚ
ਸ੍ਰੀ ਅੰਮ੍ਰਿਤਸਰ ਵਿੱਚ ਹੋਏ ਜੀ-20 ਸੰਮੇਲਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਧਨੇਰ ਧੜੇ ਨੇ ਮਾਨਸਾ ਸਮੇਤ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਬਹੁਕੌਮੀ ਕਾਰਪੋਰੇਟ ਘਰਾਣਿਆਂ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਦਾਅਵਾ ਕੀਤਾ ਹੈ।
ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮਾਨਸਾ ਚ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਕਿਹਾ ਕਿ ਪੰਜਾਬ ਦਾ ਕਿਸਾਨ ਜਿਨ੍ਹਾਂ ਕਾਰਪੋਰੇਟਾਂ ਤੋਂ ਜ਼ਮੀਨਾਂ ਬਚਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਰਿਹਾ ਸੀ, ਉਨ੍ਹਾਂ ਨੇ ਕਾਰਪੋਰੇਟਾਂ ਨੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀਆਂ ਵਿਉਂਤਾਂ ਅੰਮ੍ਰਿਤਸਰ ਵਿੱਚ ਬੈਠ ਕੇ ਘੜ੍ਹੀਆਂ। ਉਨ੍ਹਾਂ ਕਿਹਾ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਸੰਸਾਰ ਦੇ ਕਿਸੇ ਵੀ ਦੇਸ਼ ਅੰਦਰ ਹੁੰਦੀਆਂ ਹਨ ਤਾਂ ਜਾਗਰੂਕ ਲੋਕ ਸਾਮਰਾਜੀਆਂ ਦੇ ਲੁਟੇਰੇ ਏਜੰਡਿਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰੰਮੇਲਨ ਰਾਹੀਂ ਵਪਾਰ ਨੂੰ ਸੌਖਾ ਕਰਨ, ਰੋਕਾਂ ਹਟਾਉਣ, ਆਪੋ ਆਪਣਾ ਮਾਲ ਵੇਚਣ ਲਈ ਰਾਹ ਪੱਧਰਾ ਕਰਨ, ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ, ਵਾਤਾਵਰਨ ਦੇ ਬਹਾਨੇ ਲੁੱਟ ਦੇ ਨਵੇਂ ਖੇਤਰ ਖੋਲ੍ਹਣ, ਨਹਿਰਾਂ, ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ’ਤੇ ਕਬਜ਼ਾ ਕਰਨ ਲਈ ਸਹਿਮਤੀਆਂ ਅਤੇ ਸਮਝੌਤੇ ਹੋਣੇ ਹਨ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਕਿਸਾਨ-ਮਜ਼ਦੂਰ ਇਸ ਤਰ੍ਹਾਂ ਦੀਆਂ ਹੋਰ ਸਾਜ਼ਿਸ਼ਾਂ ਦਾ ਜਵਾਬ ਦੇਣਗੇ।
ਭਾਰਤੀ ਹਾਕਮਾਂ ਤੋਂ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਹੋਣ ਦੀ ਮੰਗ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸ੍ਰੀ ਅੰਮ੍ਰਿਤਸਰ ਵਿੱਚ ਚੱਲ ਹੋਏ ਜੀ-20 ਸੰਮੇਲਨ ਖ਼ਿਲਾਫ਼ ਪਿੰਡ ਭੁੱਚੋ ਕਲਾਂ, ਲਹਿਰਾ ਮੁਹੱਬਤ, ਬੇਗਾ ਲਹਿਰਾ ਅਤੇ ਚੱਕ ਫਤਿਹ ਸਿੰਘ ਵਾਲਾ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਭਾਰਤੀ ਹਾਕਮਾਂ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਹੋਣ ਦੀ ਮੰਗ ਕੀਤੀ। ਕਿਸਾਨ ਆਗੂ ਜਗਦੇਵ ਸਿੰਘ ਲਹਿਰਾ ਮੁਹੱਬਤ, ਮਹਿੰਦਰ ਸਿੰਘ ਬਾਲਿਆਂਵਾਲੀ, ਤੇਜਾ ਸਿੰਘ ਢੱਡੇ, ਮੰਗਾ ਸਿੰਘ ਖੋਖਰ, ਸੁਰਜੀਤ ਰੋਮਾਣਾ ਮੰਡੀਕਲਾਂ ਦੀ ਅਗਵਾਈ ਹੇਠ ਦਰਜਨ ਤੋਂ ਵੱਧ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ ਨੇ ਕਿਹਾ ਕਿ ਸੰਸਾਰ ਵਪਾਰ ਸੰਸਥਾ ਦੀ ਤਰਜ਼ ’ਤੇ ਭਾਰਤ ਵਿੱਚ ਜੀ-20 ਸੰਮੇਲਨ ਸਤੰਬਰ 2023 ਵਿੱਚ ਹੋਣਾ ਹੈ, ਉਸ ਦੀ ਤਿਆਰੀ ਵਜੋਂ ਪਹਿਲੀ ਮਸ਼ਕ ਸ੍ਰੀ ਅੰਮ੍ਰਿਤਸਰ ਵਿੱਚ ਹੋਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ