ਪੱਤਰ ਪ੍ਰੇਰਕ
ਬਠਿੰਡਾ, 3 ਜੂਨ
ਅੱਜ ਜੰਗਲਾਤ ਕਾਮਿਆਂ ਨੇ ਬਠਿੰਡਾ ’ਚ ਪੰਜਾਬ ਸਰਕਾਰ ਤੇ ਵਣ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਹਾਰੇ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਜਸਪਾਲ ਸਿੰਘ ਜੱਸੀ, ਜਰਨਲ ਸਕੱਤਰ ਅੰਮ੍ਰਿਤ ਪਾਲ ਸਿੰਘ ਆਦਿ ਨੇ ਦੋਸ਼ ਲਗਾਏ ਕਿ ਵਣ ਵਿਭਾਗ ਅਧੀਨ ਕੰਮ ਕਰਦੇ ਕੱਚੇ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਨਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਤੇ ਬਾਵਜੂਦ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਕਾਮਿਆਂ ਦੀਆਂ ਸਮੇਂ ਸਿਰ ਤਨਖਾਹਾਂ ਤੇ ਰੈਗੂਲਰ ਵਾਲੀ ਮੰਗ ਨੂੰ ਲਾਗੂ ਕਰਵਾਉਣ ਲਈ ਪੰਜਾਬ ਭਰ ’ਚ 11 ਜੂਨ ਤੋਂ ਧਰਨੇ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਹੋਰ ਮੰਗਾਂ ਬਾਰੇ ਕਿਹਾ ਕਿ 2016 ਦੇ ਮੁਲਾਜ਼ਮ ਐਕਟ ਅਧੀਨ ਪੰਜਾਬ ਦੀ ਤਤਕਾਲੀ ਅਕਾਲੀ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ਮੰਨ ਲਈ ਸੀ ਤੇ ਵਿਭਾਗ ਵੱਲੋਂ ਕਾਮਿਆਂ ਦਾ ਮੈਡੀਕਲ ਕਰਵਾਇਆ ਗਿਆ ਸੀ ਪਰ ਐਨ ਮੌਕੇ ਚੋਣ ਜ਼ਾਬਤਾ ਲੱਗਣ ਕਾਰਨ ਕੱਚੇ ਕਾਮਿਆਂ ਨੂੰ ਸੇਵਾਵਾਂ ਰੈਗੂਲਰ ਹੋਣ ’ਤੇ ਹੱਥ ਧੋਣਾ ਪਿਆ ਸੀ। ਪੰਜਾਬ ਦੀ ਕਾਂਗਰਸ ਸਰਕਾਰ ਦੇ ਸੱਤਾ ’ਚ ਆਉਂਦੇ ਹੀ ਵਾਅਦੇ ਤੋਂ ਮੁੱਕਰ ਗਈ। ਇਸ ਮੌਕੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਹਰ ਵਰਕਰ ਦਾ ਈਪੀਐੱਫ ਕੱਟਿਆ ਜਾਵੇ, ਵਿਭਾਗ ’ਚੋਂ ਨਰੇਗਾ ਨਰਸਰੀਆਂ ਅਲੱਗ ਕੀਤੀਆਂ ਜਾਣ, ਸਿਫਰਾਸ਼ੀ ਵਰਕਰਾਂ ਦੀ ਭਰਤੀ ਰੋਕੀ ਜਾਵੇ। ਇਸ ਮੌਕੇ ਹਰਨੇਕ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।