ਕੰਪਿਊਟਰ ਅਪਰੇਟਰਾਂ ਵੱਲੋਂ ਪ੍ਰਦਰਸ਼ਨ
ਤਨਖ਼ਾਹ ਨਾ ਮਿਲਣ ਕਾਰਨ ਪ੍ਰੇਸ਼ਾਨ; ਡਾਟਾ ਐਂਟਰੀ ਅਪਰੇਟਰ ਵੱਲੋਂ ਕਲਮ ਛੋੜ ਹੜਤਾਲ ਦਾ ਐਲਾਨ
ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਦੀ ਅਗਵਾਈ ਹੇਠ ਤਨਖਾਹ ਨਾ ਮਿਲਣ ਕਰਕੇ ਕਾਲੇ ਬਿੱਲੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਬਲਵਿੰਦਰ ਸਿੰਘ ਚਾਂਦੀਵਾਲਾ ਸੀਨੀਆਰ ਮੀਤ ਪ੍ਰਧਾਨ ਫਿਰੋਜ਼ਪੁਰ ਨੇ ਦੱਸਿਆ ਗਿਆ ਕਿ ਸਮੂਹ ਪੰਜਾਬ ਦੇ ਡਾਟਾ ਐਂਟਰੀ ਅਪਰੇਟਰ ਪਿਛਲੇ ਕਈ ਸਾਲਾਂ ਤੋਂ ਫਰਦ ਕੇਂਦਰਾਂ ਵਿਚ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ। 17-18 ਸਾਲਾਂ ਦੀ ਲਗਾਤਾਰ ਸੇਵਾ ਦੇ ਬਾਵਜੂਦ, ਅੱਜ ਦੀ ਮਹਿੰਗਾਈ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੀਆਂ ਤਨਖਾਹਾਂ ਵਿਚ ਵਾਧਾ ਤਾਂ ਕੀ ਕਰਨਾ ਸੀ ਤਨਖਾਹਾਂ ਵੀ ਨਹੀਂ ਦਿੱਤੀ ਜਾ ਰਾਹੀਆਂ। ਉਨ੍ਹਾਂ ਦੱਸਿਆ ਕਿ ਸੀਐੱਮਐੱਸ ਕੰਪਿਊਟਰ ਐੱਲਟੀਡੀ ਕੰਪਨੀ ਵੱਲੋਂ ਅਕਤੂਬਰ 2024 ਤੋਂ ਲਗਾਤਾਰ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ ਦੋ-ਤਿੰਨ ਮਹੀਨੇ ਕੰਮ ਕਰਵਾ ਕੇ ਸਿਰਫ਼ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਜਦੋਂ ਅਸੀਂ ਆਪਣੀ ਬਣਦੀ ਤਨਖਾਹ ਦੀ ਮੰਗ ਲਈ ਕਲਮ-ਛੋਡ ਹੜਤਾਲ ਕਰਦੇ ਹਾਂ, ਤਾਂ ਕੰਪਨੀ ਵੱਲੋਂ ਉਨ੍ਹਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ। ਮੀਤ ਪ੍ਰਧਾਨ ਨੇ ਕਿਹਾ ਕਿ ਕੰਪਨੀ ਨੇ ਸਾਨੂੰ 31-3-2026 ਕੰਮ ਬੰਦ ਦਾ ਵੀ ਮੈਸੇਜ ਪਾ ਦਿੱਤਾ ਗਿਆ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਦਸੰਬਰ 2025 ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ। ਜੇਕਰ ਉਪਰੋਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ, ਤਾਂ 12 ਜਨਵਰੀ ਨੂੰ ਪ੍ਰਦਰਸ਼ਨ ਕਰਨਗੇ। ਇਸ ਦੌਰਾਨ 12 ਜਨਵਰੀ ਨੂੰ ਸਾਰੇ ਪੰਜਾਬ ਦੇ ਫਰਦ ਕੇਂਦਰ ਡਾਟਾ ਐਂਟਰੀ ਅਪਰੇਟਰ ਕਲਮ ਛੋੜ ਹੜਤਾਲ ਕਰਨਗੇ। ਇਸ ਮੌਕੇ ਮਾਨ ਸਿੰਘ, ਸੁਨੀਲ ਕੁਮਾਰ, ਧਰਮਜੀਤ, ਅਰਮਾਨ, ਕੁਲਦੀਪ ਕੌਰ, ਰਜਨੀ ਬੇਦੀ, ਮਮਤਾ ਕੌਰ ਆਦਿ ਸਾਥੀ ਹਾਜ਼ਰ ਸਨ।

